Latest news

ਕਿ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਬਣਾ ਕੇ ਪਾਰਟੀ ਵਰਕਰਾਂ ਨਾਲ ਕੀਤੀ ਬੇਇਨਸਾਫ਼ੀ ?

Justice Jora Singh as a candidate, injustice to party workers?

ਜਲੰਧਰ, 

ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਲਈ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਚੋਣ ਮੈਦਾਨ ’ਚ ਉਤਾਰੇ ਜਾਣ ਦੇ ਬਾਵਜੂਦ ‘ਆਪ’ ਦੇ ਵਰਕਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋਇਆ। ਜਲੰਧਰ ਤੋਂ ‘ਆਪ’ ਦੀ ਟਿਕਟ ਮੰਗਣ ਵਾਲੇ ਇਕੋ-ਇਕ ਦਾਅਵੇਦਾਰ ਡਾ. ਸ਼ਿਵ ਦਿਆਲ ਮਾਲੀ ਭਰੇ ਪੀਤੇ ਬੈਠੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਗੁੱਸੇ ਦਾ ਇਜ਼ਹਾਰ ਪਾਰਟੀ ਸਫ਼ਾਂ ਅੰਦਰ ਹੀ ਕਰਨਗੇ। ਉਧਰ, ਜਲੰਧਰ ਹਲਕੇ ’ਚ ‘ਆਪ’ ਦੇ ਬਚੇ-ਖੁਚੇ ਵਰਕਰ ਦਿੱਲੀ ਦੇ ਫ਼ੈਸਲੇ ਤੋਂ ਖਫ਼ਾ ਹਨ। ਇਸ ਐਲਾਨ ਤੋਂ ਬਾਅਦ ‘ਆਪ’ ਵਰਕਰਾਂ ਨੇ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਬਣਾ ਕੇ ਪਾਰਟੀ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ਅਜਿਹਾ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤਾ ਹੈ ਜਿਹੜੇ ਹਲਕੇ ਦੇ ਸਿਆਸੀ ਸਮੀਕਰਨਾਂ ਤੋਂ ਅਣਜਾਣ ਹੈ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਟਿਕਟ ਨਾ ਮਿਲਣ ’ਤੇ ਹਿਰਖ ਕਰਦਿਆਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਸੀਨੀਅਰ ਆਗੂਆਂ ਨੇ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਜਲੰਧਰ ਲੋਕ ਸਭਾ ਹਲਕੇ ਤੋਂ ਕੀਤੀ ਸੀ, ਜਦੋਂ ਟਿਕਟ ਦਾ ਐਲਾਨ ਜਸਟਿਸ ਜ਼ੋਰਾ ਸਿੰਘ ਲਈ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਸੈਂਕੜੇ ਪਾਰਟੀ ਵਾਲੰਟੀਅਰਾਂ ਦੇ ਫੋਨ ਆਏ ਜਿਨ੍ਹਾਂ ਨੇ ਤਿੱਖੀ ਨਾਰਾਜ਼ਗੀ ਪ੍ਰਗਟਾਈ। ਵਾਲੰਟੀਅਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਡਾ. ਮਾਲੀ ਨੇ ਕਿਹਾ ਕਿ ਉਨ੍ਹਾਂ ਲਈ ਚੁਣੌਤੀ ਪਾਰਟੀ ਵਾਲੰਟੀਅਰਾਂ ਨੂੰ ਸੰਭਾਲਣ ਦੀ ਹੈ ਤਾਂ ਕਿ ਉਹ ਨਿਰਾਸ਼ ਹੋ ਕੇ ਘਰ ਨਾ ਬੈਠਣ। ਜਾਣਕਾਰੀ ਅਨੁਸਾਰ ‘ਆਪ’ ਨੇ ਜਾਤੀ ਸਮੀਕਰਨ ਨੂੰ ਧਿਆਨ ਵਿਚ ਰੱਖ ਕੇ ਹੀ ਜਸਟਿਸ ਜ਼ੋਰਾ ਸਿੰਘ ਦੇ ਨਾਂ ’ਤੇ ਮੋਹਰ ਲਾਈ ਹੈ। ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜਿਹੜੇ ਜਲੰਧਰ ਲੋਕ ਸਭਾ ਹਲਕੇ ’ਚ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ’ਚ ਪੁੂਰੀ ਤਰ੍ਹਾਂ ਸਮਰੱਥ ਹਨ।
ਜਲੰਧਰ ਲੋਕ ਸਭਾ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਨੂੰ ਬਾਹਰੋਂ ਹੀ ਉਮੀਦਵਾਰ ਲਿਆਉਣੇ ਪਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਬਾਹਰਲੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ’ਤੇ ਟੇਕ ਰੱਖੀ ਹੋਈ ਹੈ। ਜਸਟਿਸ ਜ਼ੋਰਾ ਸਿੰਘ ਨੇ ਬਾਹਰਲਾ ਹੋਣ ਦੇ ਲਾਏ ਜਾ ਰਹੇ ਠੱਪੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕੋਈ ਵਿਦੇਸ਼ੀ ਨਹੀਂ ਹਨ। ਉਨ੍ਹਾਂ ਨੇ ਦੋਆਬੇ ਦੇ ਬਹੁਤੇ ਜ਼ਿਲ੍ਹਿਆਂ ਵਿਚ ਕੰਮ ਕੀਤਾ ਹੈ ਤੇ ਲੋਕਾਂ ਨੂੰ ਭਲੀ-ਭਾਂਤ ਜਾਣਦੇ ਹਨ। ਵਰਕਰਾਂ ’ਚ ਨਿਰਾਸ਼ਾ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਸਾਰੇ ਭਰਾਵਾਂ ਵਾਂਗ ਹਨ, ਜਿਹੜਾ ਗੁੱਸਾ ਗਿਲਾ ਹੈ, ਉਹ ਦੂਰ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *