Latest news

ਜੇਲ੍ਹ ਦੇ ਚੰਗੇ ਆਚਰਣ ਵਾਲੇ ਬੰਦੀ ਹੀ ਚਲਾਉਣਗੇ ਪੈਟਰੋਲ ਪੰਪ

Petrol pump operated by prison imprisonment

ਪਟਿਆਲਾ,

ਪੰਜਾਬ ਦੀਆਂ ਜੇਲ੍ਹਾਂ ਦੇ ਪਲੇਠੇ ਉਦਮ ਵਜੋਂ ਜੇਲ੍ਹਾਂ ਦਾ ਬਣਿਆਂ ਖਾਣਾ ਆਮ ਲੋਕਾਂ ਲਈ ਮੁਹੱਈਆ ਕਰਵਾਏ ਜਾਣ ਮਗਰੋਂ ਹੁਣ ਜੇਲ੍ਹਾਂ ਦੇ ਬੰਦੀਆਂ ਦੇ ਸੁਨਹਿਰੇ ਭਵਿੱਖ ਲਈ ਚੁੱਕੇ ਕਦਮਾਂ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਇੰਡੀਅਨ ਆਇਲ ਕੰਪਨੀ ਨਾਲ ਕਰਾਰ ਕਰਕੇ ਸੂਬੇ ਦੀਆਂ ਕੈਦੀਆਂ ਵੱਲੋਂ ਚਲਾਏ ਜਾਣ ਵਾਲੇ ਪੈਟਰੋਲ ਪੰਪ ਲਾਉਣ ਲਈ ਇੱਕ ਹੋਰ ਕਦਮ ਅੱਗੇ ਵਧਾਇਆ ਹੈ। ਇਹ ਸਮਝੌਤਾ ਪੰਜਾਬ ਜੇਲ੍ਹ ਸਿਖਲਾਈ ਸਕੂਲ ਪਟਿਆਲਾ ਵਿਖੇ ਸੂਬੇ ਦੇ ਜੇਲ੍ਹਾਂ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ‘ਚ ਸਹੀਬੰਦ ਕੀਤਾ ਗਿਆ, ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਸ੍ਰੀ ਰੋਹਿਤ ਚੌਧਰੀ ਵੀ ਮੌਜੂਦ ਸਨ।
ਜੇਲ੍ਹ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਪੰਜਾਬ ਜੇਲ੍ਹ ਸਿਖਲਾਈ ਸਕੂਲ ਪਟਿਆਲਾ ਦੀ ਇੰਡੀਅਨ ਆਇਲ ਨੂੰ ਲੀਜ਼ ‘ਤੇ ਦਿੱਤੀ ਜਾਣ ਵਾਲੀ ਜਮੀਨ ‘ਚ ਪੰਜਾਬ ਦਾ ਪਹਿਲਾ ਪੈਟਰੋਲ ਪੰਪ ਲਾਇਆ ਜਾਵੇਗਾ, ਜਿਸ ਨੂੰ ਜੇਲ੍ਹ ਦੇ ਚੰਗੇ ਆਚਰਣ ਵਾਲੇ ਬੰਦੀ ਹੀ ਚਲਾਉਣਗੇ। ਐਨਾ ਹੀ ਨਹੀਂ ਅਜਿਹੇ ਪੰਪਾਂ ‘ਤੇ ਜੇਲ੍ਹਾਂ ‘ਚ ਬਣੇ ਸਾਜੋ ਸਮਾਨ ਸਮੇਤ ਵੇਰਕਾ ਤੇ ਮਾਰਕਫੈਡ ਦੀਆਂ ਵਸਤਾਂ ਦੀ ਆਮ ਲੋਕਾਂ ਲਈ ਵਿਕਰੀ ਲਈ ਆਊਟਲੈਟ ਵੀ ਖੋਲ੍ਹੇ ਜਾਣਗੇ, ਜਿਨ੍ਹਾਂ ਤੋਂ ਹੋਣ ਵਾਲੀ ਆਮਦਨ ਜੇਲ੍ਹਾਂ ਦੇ ਬੰਦੀਆਂ ਦੀ ਭਲਾਈ ਲਈ ਵਰਤੀ ਜਾਵੇਗੀ। ਪਟਿਆਲਾ ਦੇ ਇਸ ਪੰਪ ਦੀ ਕਾਮਯਾਬੀ ਮਗਰੋਂ ਸੂਬੇ ਭਰ ‘ਚ ਅਜਿਹੇ ਪੰਪ ਖੋਲ੍ਹੇ ਜਾਣਗੇ।
ਰੰਧਾਵਾ ਨੇ ਦੱਸਿਆ ਕਿ ਇਸੇ ਦੇ ਨਾਲ ਹੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਨਾਲ ਪੰਜਾਬ ਜੇਲ ਸਿਖਲਾਈ ਸਕੂਲ ‘ਚ ਦੇਸ਼ ਭਰ ਦੀਆਂ ਜੇਲ੍ਹਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਜੇਲ੍ਹ ਸੁਧਾਰਾਂ ਦੇ ਸਬੰਧ ਵਿੱਚ ਡਿਪਲੋਮਾ ਕਰਵਾਉਣ ਦਾ ਵੀ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਜੇਲ੍ਹ ਮੰਤਰੀ ਨੇ ਇਸ ਮੌਕੇ ਜੇਲ੍ਹਾਂ ਲਈ ਪ੍ਰਦਾਨ ਕੀਤੀਆਂ 5 ਨਵੀਆਂ ਗੱਡੀਆਂ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ।
ਜੇਲ੍ਹ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਜੇਲ੍ਹਾਂ ‘ਚ ਸੁਧਾਰ ਦੀ ਕ੍ਰਾਂਤੀ ਲਿਆਂਦੀ ਗਈ ਹੈ ਅਤੇ ਇਸ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਤੇ ਜੇਲ੍ਹਾਂ ਨੂੰ ਅਸਲ ਅਰਥਾਂ ‘ਚ ਸੁਧਾਰ ਘਰ ਬਣਾਇਆ ਜਾਵੇਗਾ ਤਾਂ ਕਿ ਕਿਸੇ ਕਾਰਨ ਕਰਕੇ ਜੇਲ੍ਹਾਂ ‘ਚ ਪੁੱਜਣ ਵਾਲਿਆਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਸੁਧਾਰ ਲਈ ਦਿੱਤੇ ਜਾਂਦੇ ਫੰਡਾਂ ਦੀ ਤਰ੍ਹਾਂ ਜੇਲ੍ਹਾਂ ‘ਚ ਸੁਧਾਰ ਲਈ ਵੀ ਫੰਡ ਮੁਹਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇਲ੍ਹ ਅਮਲੇ ਦੀ ਨਫ਼ਰੀ ਵਧਾਉਣ ਲਈ ਜਲਦੀ ਹੀ 420 ਮੁਲਾਜਮਾਂ ਦੀ ਹੋਰ ਭਰਤੀ ਕੀਤੀ ਜਾ ਰਹੀ ਹੈ ਤੇ ਜੇਲ੍ਹ ਮੁਲਾਜਮਾਂ ਦੀਆਂ ਤਰੱਕੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਇੱਕ ਸਵਾਲ ਦੇ ਜੁਆਬ ‘ਚ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਸਿਟ ਦੇ ਮੈਂਬਰਾਂ ‘ਚ ਮੱਤਭੇਦਾਂ ਬਾਰੇ ਉਹ ਲੋਕ ਬੇਮਤਲਬ ਦਾ ਰੌਲਾ ਪਾ ਰਹੇ ਹਨ, ਜਿਨ੍ਹਾਂ ਦੇ ਨਾਮ ਬੇਅਦਬੀ ਕਾਂਡ ਲਈ ਜ਼ਿੰਮੇਵਾਰਾਂ ਵਜੋਂ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਟ ਦੇ ਮੈਂਬਰ ਜਾਂ ਕਿਸੇ ਵੀ ਹੋਰ ਅਧਿਕਾਰੀ ਨੂੰ ਰਾਜਨੀਤੀ ਨਾਲ ਜੋੜਨਾ ਵਾਜਬ ਨਹੀਂ ਕਿਉਂਕਿ ਸਿਟ ਵੱਲੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।
ਸ. ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਵਾਏ ਕਰਤਾਰਪੁਰ ਕੌਰੀਡੋਰ ਦੇ ਪੰਜਾਬ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੋਈ ਫੰਡ ਨਹੀਂ ਦਿੱਤੇ। ਉਨ੍ਹਾਂ ਇਕ ਹੋਰ ਸਵਾਲ ਦੇ ਜੁਆਬ ‘ਚ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਇਨ ਤੋੜਦਿਆਂ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਨੇ ਕਈ ਸਿਆਸੀ ਆਗੂਆਂ ਵੱਲੋਂ ਅਫ਼ੀਮ ਭੁੱਕੀ ਦੇ ਠੇਕੇ ਖੋਲ੍ਹਣ ਦੀ ਮੰਗ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੀ ਮੰਗ ਵਾਜਬ ਨਹੀਂ ਹੈ।
ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਸ. ਰੰਧਾਵਾ ਨੇ ਪੰਜਾਬ ਜੇਲ੍ਹ ਸਿਖਲਾਈ ਸਕੂਲ ਦੇ 246 ਵਾਰਡਨਾਂ ਅਤੇ ਮੈਟਰਨ ਰੰਗਰੂਟਾਂ ਦੀ ਸਿਖਲਾਈ ਪੂਰੀ ਹੋਣ ‘ਤੇ ਉਨ੍ਹਾਂ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਵੱਲੋਂ ਆਪਣੀ 5 ਮਹੀਨਿਆਂ ਦੀ ਸਖ਼ਤ ਸਿਖਲਾਈ ਪੂਰੀ ਸਫ਼ਲਤਾ ਨਾਲ ਸਮਾਪਤ ਕਰਨ ਲਈ ਵਧਾਈ ਵੀ ਦਿੱਤੀ। ਸ. ਰੰਧਾਵਾ ਨੇ ਇਸ ਮੌਕੇ ਆਪਣੇ ਸੰਬੋਧਨ ‘ਚ ਕਿਹਾ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਹਰ ਤਰ੍ਹਾਂ ਤੇ ਅਪਰਾਧੀਆਂ ਨੂੰ ਸੁਧਾਰਨ ਲਈ ਜੇਲ੍ਹਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਿਰ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਪੰਜਾਬ ਦੇ ਜੇਲ੍ਹ ਮੁਲਾਜਮ ਆਪਣੇ ਏ.ਡੀ.ਜੀ.ਪੀ. ਸ੍ਰੀ ਚੌਧਰੀ ਦੀ ਅਗਵਾਈ ਹੇਠ ਇੱਕ ਚੁਣੌਤੀ ਵੱਜੋਂ ਕਬੂਲਦੇ ਹੋਏ ਪੂਰੀ ਕਰ ਰਹੇ ਹਨ।

Leave a Reply

Your email address will not be published. Required fields are marked *