Latest news

ਬੇਅਦਬੀ ਮਾਮਲਿਆਂ ਤੋਂ ਝੰਬਿਆ SAD ਮੁੜ ਪੈਰੀਂ ਆਉਣ ਦੀ ਬਜਾਏ ਬਿਖਰਦਾ ਜਾ ਰਿਹਾ


ਸਤੰਬਰ 2008 ਵਿਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦਿਤਾ ਤਾਂ ਕਿਹਾ ਜਾਣ ਲੱਗਿਆ ਕਿ ਬੇਅਦਬੀ ਦੇ ਮਾਮਲਿਆਂ ਤੋਂ ਝੰਬਿਆ ਇਹ ਦਲ ਮੁੜ ਪੈਰੀਂ ਆਉਣ ਦੀ ਬਜਾਏ ਹੁਣ ਦਿਨੋਂ ਦਿਨ ਬਿਖਰਦਾ ਜਾਵੇਗਾ। ਵੱਡੇ ਢੀਂਡਸਾ ਦੇ ਪੁੱਤਰ ਅਤੇ 4 ਵਾਰ ਵਿਧਾਇਕ ਚੁਣੇ ਗਏ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਕਾਲੀ ਦਲ ਵਿਚ ਅਪਣੀ ਪੁਜ਼ੀਸ਼ਨ ਨੂੰ ਵਿਗੜਨ ਤੋਂ ਬਚਾਉਣ ਲਈ ਪੂਰੇ 18-20 ਮਹੀਨੇ ਅਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹੇ ਕਰਨੇ ‘ਤੇ ਪੂਰਾ ਉਤਰ ਕੇ ਅਪਣੇ ਫ਼ਰਜ਼ ਬਾਖੂਬੀ ਨਿਭਾਏ ਤੇ ਕਿਸੇ ਨੂੰ ਵੀ ਸ਼ੱਕ ਨਹੀਂ ਪੈਣ ਦਿਤਾ ਕਿ ਉਹ ਬਾਦਲ ਪਰਵਾਰ ਨਾਲ ਨਰਾਜ਼ਗੀ ਵਿਚ ਪੂਰਾ ਅਪਣੇ ਬਾਪ ਦੀ ਹਾਂ ਵਿਚ ਹਾਂ ਮਿਲਾ ਰਿਹਾ ਹੈ।

ਪਿਛਲੇ ਹਫ਼ਤੇ ਜਦੋਂ ਪਰਮਿੰਦਰ ਢੀਂਡਸਾ ਨੇ ਵੀ ਵਿਧਾਨ ਸਭਾ ਵਿਚ ਅਕਾਲੀ ਦਲ ਲੈਜਿਸਲੇਚਰ ਗਰੁਪ ਦੇ ਨੇਤਾ ਵਜੋਂ ਅਸਤੀਫ਼ਾ ਦੇ ਦਿਤਾ, ਵੱਡੇ ਢੀਂਡਸਾ ਨੇ ਅੰਮ੍ਰਿਤਸਰ ਵਿਚ ਸੇਖਵਾਂ, ਬ੍ਰਹਮਪੁਰਾ, ਅਜਨਾਲਾ ਤੇ ਹੋਰ ਧੁਨੰਦਰ ਟਕਸਾਲੀ ਆਗੂਆਂ ਦੇ ਇਕੱਠ ਵਿਚ ਜਾ ਸ਼ਮੂਲੀਅਤ ਕੀਤੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੀ ਰਾਤ ਕੋਰ ਕਮੇਟੀ ਬੈਠਕ ਵਿਚ ਇਨ੍ਹਾਂ ਦੋਵਾਂ ਪਿਉ ਪੁੱਤਰ ਨੂੰ ਮੁਅੱਤਲ ਕਰ ਕੇ 15 ਦਿਨਾਂ ਦਾ ਨੋਟਿਸ ਜਾਰੀ ਕਰ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਜਵਾਬ ਮੰਗ ਲਿਆ।

ਅਗਲਾ ਕਦਮ ਤਾਂ ਇਨ੍ਹਾਂ ਦੋਵਾਂ ਨੂੰ ਦਲ ਵਿਚੋਂ ਕੱਢਣ ਦਾ ਹੀ ਯਕੀਨੀ ਹੈ। ਸਿੱਧੇ ਤੌਰ ‘ਤੇ ਅਕਾਲੀ ਦਲ ਦੇ ਦੋਫਾੜ ਹੋਣ ਨਾਲ ਪੰਜਾਬ ਦੇ ਵੋਟਰਾਂ ਵਾਸਤੇ ਕਾਂਗਰਸ, ਆਪ ਤੋਂ ਉਪਰੰਤ ਤੀਜੇ ਮਜ਼ਬੂਤ ਬਦਲ ਦੀ ਆਸ ਖ਼ਤਮ ਹੋ ਗਈ ਲਗਦੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਨੌਜਵਾਨ ਤੇ ਬਜ਼ੁਰਗ ਅਕਾਲੀ ਨੇਤਾਵਾਂ ਨਾਲ ਕੀਤੇ ਸੰਪਰਕ ਅਤੇ ਉਨ੍ਹਾਂ ਦੇ ਵਿਚਾਰ ਜਾਣਨ ਉਪਰੰਤ ਸਪਸ਼ਟ ਹੋਇਆ ਕਿ ਢੀਂਡਸਾ ਪਰਵਾਰ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਥੰਮਾਂ ਵਿਚੋਂ ਇਕ ਸੀ, ਪਰ ਉਨ੍ਹਾਂ ਦੀ ਸ਼ਰਤ ਕਿ ਸੁਖਬੀਰ ਨੂੰ ਲਾਂਭੇ ਕਰੋ, ਕਿਸੇ ਵੀ ਤਰ੍ਹਾਂ ਮੰਨੀ ਨਹੀਂ ਜਾ ਸਕਦੀ।

ਇਨ੍ਹਾਂ ਸਿਰਕੱਢ ਅਕਾਲੀ ਨੇਤਾਵਾਂ ਦਾ ਕਹਿਣਾ ਸੀ ਕਿ ਮਾਂ ਪਾਰਟੀ ਤੋਂ ਵੱਖ ਹੋ ਕੇ ਨਵਾਂ ਦਲ ਉਹ ਵੀ ਬਜ਼ੁਰਗ ਨੇਤਾਵਾਂ ਦਾ ਬਣਾਉਣਾ ਇਕ ਅਸੰਭਵ ਤੇ ਅਚੰਭਾ ਲਗਦਾ ਹੈ ਜੋ ਕਦੇ ਕਾਮਯਾਬ ਨਹੀਂ ਹੋ ਸਕਦਾ। ਸੁਖਬੀਰ ਬਾਰੇ ਇਨ੍ਹਾਂ ਨਿਰਪੱਖ ਅਕਾਲੀ ਨੇਤਾਵਾਂ ਨੇ ਇਸ਼ਾਰਾ ਕੀਤਾ ਕਿ ਪੂਰੀ ਤਰ੍ਹਾਂ ਕੇਂਦਰ ਦੀ ਬੀਜੇਪੀ ਸਰਕਾਰ ਤੇ ਪਾਰਟੀ ਦੇ ਝੋਲੀ ਵਿਚ ਪੈ ਕੇ ਉਹ ਅਗਲੀਆਂ ਚੋਣਾਂ ਵਿਚ ਹੱਥ ਪੈਰ ਮਾਰਨ ਦੇ ਯੋਗ ਹੋ ਜਾਵੇਗਾ।

ਕਾਂਗਰਸ ਦੇ ਮੰਤਰੀਆਂ ਤ੍ਰਿਪਤ ਬਾਜਵਾ ਅਤੇ ਹੋਰ ਕਈ ਨੇਤਾਵਾਂ ਨੇ ਅਕਾਲੀ ਦਲ ਦੀ ਇਸ ਫ਼ੁੱਟ ਅਤੇ ਪੈ ਰਹੇ ਵੱਡੇ ਪਾੜ ਬਾਰੇ ਫਿਰ ਇਕ ਵਾਰ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਦੇ ਚੁੰਗਲ ਵਿਚੋਂ ਕੱਢਣ ਦੇ ਨਾਲ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਦਖ਼ਲਅੰਦਾਜ਼ੀ ‘ਤੇ ਵਿਅੰਗ ਕੱਸੇ ਤੇ ਕਿਹਾ ਕਿ ਧਾਰਮਕ ਸੰਸਥਾਵਾਂ ਨੂੰ ਵੀ ਇਨ੍ਹਾਂ ਤੋਂ ਆਜ਼ਾਦ ਕਰਾਉਣਾ ਜ਼ਰੂਰੀ ਹੈ।

ਕੇਂਦਰੀ ਬੀਜੇਪੀ ਦੀ ਪੰਜਾਬ ਬਾਰੇ ਨੀਤੀ ਸਬੰਧੀ ਕਈ ਸਿਆਸੀ ਮਾਹਰ ਇਹ ਵੀ ਇਸ਼ਾਰਾ ਕਰਦੇ ਹਨ ਕਿ 83 ਸਾਲਾ ਵੱਡੇ ਢੀਂਡਸਾ, ਜਿਨ੍ਹਾਂ ਦੇ ਬੀਜੇਪੀ ਨਾਲ ਚੰਗੇ ਸਬੰਧ ਹਨ, ਹੋ ਸਕਦਾ ਹੈ ਅਪਣੇ ਨੌਜਵਾਨ ਪੁੱਤਰ ਪਰਮਿੰਦਰ ਢੀਂਡਸਾ ਲਈ ਬਤੌਰ ਸਿੱਖ ਚਿਹਰਾ ਪੇਸ਼ ਕਰਨ ਦੇ ਸੰਘਰਸ਼ ਵਿਚ ਕਾਮਯਾਬ ਹੋ ਜਾਣ।

Leave a Reply

Your email address will not be published. Required fields are marked *