Latest news

ਕੈਪਟਨ ਸਰਕਾਰ ਫ਼ਿਲਹਾਲ ਕੌਂਸਲ ਚੋਣਾਂ ਟਾਲਣ ਦੇ ਰੌਂਅ ‘ਚ


The Capt. Government is currently in the process of avoiding Council elections

ਕੈਪਟਨ ਸਰਕਾਰ ਫ਼ਿਲਹਾਲ ਕੌਂਸਲ ਚੋਣਾਂ ਟਾਲਣ ਦੇ ਰੌਂਅ ਵਿਚ ਹੈ। ਇਸੇ ਦੌਰਾਨ ਪੰਜਾਬ ਦੀਆਂ 102 ਨਗਰ ਕੌਂਸਲਾਂ-ਨਗਰ ਪੰਚਾਇਤਾਂ ਵਿਚ ਮਹਿਲਾਵਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਗਰ ਕੌਂਸਲ ਚੋਣਾਂ ਲਈ ਪ੍ਰਕਿਰਿਆ ਦੀ ਰਫ਼ਤਾਰ ਤੋਂ ਸਪੱਸ਼ਟ ਹੈ ਕਿ ਇਹ ਚੋਣਾਂ ਨਿਸ਼ਚਿਤ ਸਮੇਂ ’ਤੇ ਨਹੀਂ ਹੋ ਸਕਣਗੀਆਂ। ਨਗਰ ਕੌਂਸਲਾਂ ਦੀ ਵਾਰਡਬੰਦੀ ਅਤੇ ਵੋਟਾਂ ਦੀ ਸੁਧਾਈ ਲਈ ਘੱਟੋ-ਘੱਟ ਦੋ ਮਹੀਨੇ ਦਾ ਸਮਾਂ ਲੋੜੀਂਦਾ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਬਹੁਤੀ ਪ੍ਰਗਤੀ ਨਹੀਂ ਕੀਤੀ ਹੈ। ਸੂਤਰ ਦੱਸਦੇ ਹਨ ਪੰਜਾਬ ਸਰਕਾਰ ਨਗਰ ਕੌਂਸਲ ਚੋਣਾਂ ਫੌਰੀ ਕਰਾਉਣ ਤੋਂ ਟਾਲ਼ਾ ਵੱਟ ਰਹੀ ਹੈ ਕਿਉਂਕਿ ਸ਼ਹਿਰੀ ਖੇਤਰ ਵਿਚ ਕਿਤੇ ਵੀ ਵਿਕਾਸ ਦੇ ਮਾਮਲੇ ’ਤੇ ਕਾਂਗਰਸ ਦਾ ਜਲਵਾ ਨਹੀਂ ਦਿੱਖ ਰਿਹਾ ਹੈ। ਸ਼ਹਿਰਾਂ ਦਾ ਮੰਦਾ ਹਾਲ ਹੈ ਅਤੇ ਕੌਂਸਲਾਂ ਕੋਲ ਬਿਜਲੀ ਬਿੱਲ ਤਾਰਨ ਜੋਗੇ ਵੀ ਪੈਸੇ ਨਹੀਂ। ਵਿਧਾਇਕਾਂ ਵੱਲੋਂ ਵੀ ਸਰਕਾਰ ਨੂੰ ਹਾਲੇ ਕੁਝ ਸਮਾਂ ਚੋਣਾਂ ਟਾਲਣ ਦਾ ਸੁਝਾਅ ਦਿੱਤਾ ਗਿਆ ਹੈ। ਕੈਪਟਨ ਸਰਕਾਰ ਕਰੀਬ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਦੇ ਨੇੜੇ ਹੈ ਪਰ ਸ਼ਹਿਰੀ ਵਿਕਾਸ ਦੇ ਮਾਮਲੇ ਵਿਚ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ ਗਿਆ ਜਿਸ ਕਰਕੇ ਵਿਧਾਇਕ ਪਹਿਲੋਂ ਸ਼ਹਿਰਾਂ ਲਈ ਸਰਕਾਰ ਤੋਂ ਫੰਡ ਮੰਗ ਰਹੇ ਹਨ। ਫਰਵਰੀ ਮਹੀਨੇ ਵਿਚ 102 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀ ਮਿਆਦ ਖ਼ਤਮ ਹੋ ਰਹੀ ਹੈ ਅਤੇ ਇਨ੍ਹਾਂ ’ਤੇ ਹੁਣ ਤੱਕ ਅਕਾਲੀ ਦਲ ਤੇ ਭਾਜਪਾ ਗੱਠਜੋੜ ਹੀ ਕਾਬਜ਼ ਹੈ। ਕਈ ਸ਼ਹਿਰਾਂ ਵਿਚ ਕਾਂਗਰਸ ਨੇ ਗੱਠਜੋੜ ਤੋਂ ਕੌਂਸਲਾਂ ਖੋਹੀਆਂ ਵੀ ਹਨ। ਪੰਜਾਬ ਵਿਚ ਜੋ ਨਗਰ ਨਿਗਮ ਹਨ, ਉਨ੍ਹਾਂ ਦੀ ਚੋੋਣ ਬਾਰੇ ਹਾਲੇ ਕੋਈ ਗੱਲ ਨਹੀਂ ਚੱਲੀ ਹੈ। ਚੋਣ ਮਾਹਿਰ ਦੱਸਦੇ ਹਨ ਕਿ ਪਹਿਲਾਂ ਵਾਰਡਬੰਦੀ ਦਾ ਕੰਮ ਸ਼ੁਰੂ ਹੋਣਾ ਹੈ ਅਤੇ ਵਾਰਡਬੰਦੀ ਕਰਨ ਮਗਰੋਂ ਇਤਰਾਜ਼ ਸੁਣਨ ਵਾਸਤੇ ਵੀ 21 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਵੋਟਰ ਸੁਧਾਈ ਦੀ ਪ੍ਰਕਿਰਿਆ ਲਈ ਵੀ ਕਰੀਬ ਇੱਕ ਮਹੀਨਾ ਦਾ ਸਮਾਂ ਲੋੜੀਂਦਾ ਹੈ। ਸਰਕਾਰ ਨੇ ਹੇਠਲੇ ਪੱਧਰ ’ਤੇ ਕੌਂਸਲ ਚੋਣਾਂ ਦੀ ਤਿਆਰੀ ਲਈ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਮਸ਼ਵਰੇ ਮਗਰੋਂ ਹੀ ਇਨ੍ਹਾਂ ਚੋੋਣਾਂ ਬਾਰੇ ਸਰਕਾਰ ਆਖ਼ਰੀ ਫ਼ੈਸਲਾ ਕਰੇਗੀ। ਵੇਰਵਿਆਂ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਨੇ ਹਾਲ ਹੀ ਵਿਚ ਮਹਿਲਾਵਾਂ ਨੂੰ ਪੰਜਾਹ ਫੀਸਦ ਰਾਖਵੇਂਕਰਨ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਨ੍ਹਾਂ ਅਨੁਸਾਰ ਮਾਨਸਾ ਤੇ ਸੰਗਰੂਰ ਕੌਂਸਲ ਦੇ 27-27 ਵਾਰਡਾਂ ’ਚੋਂ 10-10 ਵਾਰਡ ਜਨਰਲ ਵਰਗ ਦੀਆਂ ਔਰਤਾਂ ਅਤੇ ਤਿੰਨ-ਤਿੰਨ ਵਾਰਡ ਐੱਸਸੀ ਵਰਗ ਦੀਆਂ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ।
ਇਸੇ ਤਰ੍ਹਾਂ ਗੋਨਿਆਣਾ ਕੌਂਸਲ ਦੇ 13 ਵਾਰਡਾਂ ’ਚੋਂ ਛੇ ਵਾਰਡ, ਸਰਦੂਲਗੜ ਕੌਂਸਲ ਦੇ 13 ਵਾਰਡਾਂ ’ਚੋਂ ਛੇ, ਬਰਨਾਲਾ ਕੌਂਸਲ ਦੇ 31 ਵਾਰਡਾਂ ’ਚੋਂ 15 ਵਾਰਡ, ਮੌੜ ਕੌਂਸਲ ਦੇ 17 ਵਾਰਡਾਂ ’ਚੋਂ ਅੱਠ, ਰਾਮਪੁਰਾ ਫੂਲ ਕੌਂਸਲ ਦੇ 21 ਵਾਰਡਾਂ ’ਚੋਂ 10 ਵਾਰਡ, ਨਾਭਾ ਕੌਂਸਲ ਦੇ 23 ’ਚੋਂ 12 ਵਾਰਡ, ਭੁੱਚੋ ਮੰਡੀ ਕੌਂਸਲ ਦੇ 13 ਵਾਰਡਾਂ ’ਚੋਂ ਛੇ ਵਾਰਡ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ।

Leave a Reply

Your email address will not be published. Required fields are marked *