Latest news

ਜਲੰਧਰ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਪੁੱਤਰਾਂ ਤੋਂ ਖਰਚਾ ਲੈਣ ਲਈ ਕੱਢਣੇ ਪੈ ਰਹੇ ਕਲਾਕਾਰ ਨੂੰ ਹਾੜ੍ਹੇ

The contestants from Jalandhar, who are contesting from the Jalandhar constituency, will be forced to take out the expenditure

ਜਲੰਧਰ,
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ,ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਦੇ ਪੁੱਤਰਾਂ ਵੱਲੋਂ ਚੋਣ ਪ੍ਰਬੰਧਾਂ ਤੇ ਖਾਸ ਕਰ ਕੇ ਪੈਸਿਆਂ ਦੇ ਲੈਣ-ਦੇਣ ਦਾ ਕੰਮ ਆਪਣੇ ਹੱਥਾਂ ਵਿਚ ਰੱਖਿਆ ਹੋਇਆ ਹੈ। ਚੋਣ ਲੜ ਰਹੇ ਉਮੀਦਵਾਰਾਂ ਬਾਰੇ ਇਨ੍ਹਾਂ ਪਾਰਟੀਆਂ ਦੇ ਆਗੂ ਹੀ ਦਿਲਚਸਪ ਟਿੱਪਣੀਆਂ ਤੇ ਚਰਚਾਵਾਂ ਕਰ ਰਹੇ ਹਨ। ਕਈ ਆਗੂ ਇਹ ਕਹਿ ਰਹੇ ਹਨ ਕਿ ਉਮੀਦਵਾਰ ਪੈਸਾ ਖਰਚਣ ਵਿਚ ਕਿਰਸ ਕਰ ਰਹੇ ਹਨ ਤੇ ਖੁੱਲ੍ਹ ਕੇ ਪੈਸਾ ਨਹੀਂ ਖਰਚ ਰਹੇ, ਜਿਥੇ ਖਰਚਣ ਦੀ ਲੋੜ ਹੁੰਦੀ ਹੈ। ਇਕ ਪਾਰਟੀ ਦੇ ਉਮੀਦਵਾਰ ਨੇ ਆਪਣੇ ਹੱਕ ਵਿਚ ਇਕ ਗੀਤ ਤਿਆਰ ਕਰਵਾਇਆ ਸੀ ਜਿਸ ਦਾ ਖਰਚਾ ਲੈਣ ਲਈ ਕਲਾਕਾਰ ਨੂੰ ਹਾੜ੍ਹੇ ਕੱਢਣੇ ਪੈ ਰਹੇ ਹਨ। ਉਮੀਦਵਾਰ ਦਾ ਪੁੱਤਰ ਵਾਰ-ਵਾਰ ਇਹ ਬਹਾਨੇ ਲਾ ਰਿਹਾ ਹੈ ਕਿ ਇਕ-ਦੋ ਦਿਨ ਠਹਿਰੋ, ਇਧਰੋਂ-ਉਧਰੋਂ ਜਦੋਂ ਪੈਸੇ ਆ ਜਾਣਗੇ ਤਾਂ ਭੁਗਤਾਨ ਵੀ ਕਰ ਦਿਆਂਗੇ। ਕਲਾਕਾਰ ਨੇ ਮਾਯੂਸ ਹੁੰਦਿਆਂ ਦੱਸਿਆ ਕਿ ਚੋਣ ਪ੍ਰਚਾਰ ਮੁੱਕ ਚੱਲਾ ਹੈ ਤੇ ਜੇ ਉਮੀਦਵਾਰ ਹਾਰ ਗਿਆ ਤਾਂ ਉਸ ਦੇ ਪੈਸੇ ਵੀ ਮਰ ਜਾਣਗੇ। ਉਮੀਦਵਾਰ ਦੇ ਪੁੱਤਰਾਂ ਨੇ ਤਾਂ ਪੋਸਟਰ ਦੇ ਪੈਸੇ ਮੰਗਣ ਆਏ ਵਿਅਕਤੀ ਨਾਲ ਜੱਗੋਂ ਤੇਰ੍ਹਵੀਂ ਕੀਤੀ। ਜਦੋਂ ਉਸ ਨੂੰ ਇਹ ਕਿਹਾ ਕਿ ਅਸੀਂ ਕਿਹੜਾ ਦੌੜ ਚੱਲੇ ਹਾਂ। ਤੇਰੇ ਪੈਸੇ ਦੇ ਕੇ ਹੀ ਜਾਵਾਂਗੇ। ਪੋਸਟਰਾਂ ਵਾਲੇ ਦਾ ਕਹਿਣਾ ਸੀ ਕਿ ਇਹ ਉਮੀਦਵਾਰ ਤਾਂ ਬਾਹਰੋਂ ਆਇਆ ਹੋਇਆ ਹੈ, ਜਿਸ ਦੇ ਜਿੱਤਣ ਦੀ ਸੰਭਾਵਨਾ ਵੀ ਬੜੀ ਘੱਟ ਲੱਗ ਰਹੀ ਹੈ। ਹੁਣ ਤਾਂ ਪੋਸਟਰ ਲੱਗਿਆਂ ਨੂੰ ਵੀ ਕਈ ਦਿਨ ਬੀਤ ਗਏ ਹਨ ਕਿਉਂਕਿ ਪ੍ਰਚਾਰ ਸਮਾਪਤ ਹੋਣ ’ਚ ਕੁਝ ਘੰਟੇ ਹੀ ਬਚੇ ਹਨ। ਉਸ ਦਾ ਕਹਿਣਾ ਸੀ ਕਿ ਮਾਲਕ ਤਾਂ ਪਹਿਲਾਂ ਹੀ ਕਹਿ ਰਹੇ ਸਨ ਕਿ ਕਿਸੇ ਉਮੀਦਵਾਰ ਨਾਲ ਉਧਾਰ ਨਹੀਂ ਕਰਨਾ ਤੇ ਨਾ ਹੀ ਉਨ੍ਹਾਂ ਦੀ ਗੱਲ ’ਤੇ ਭਰੋਸਾ ਕਰਨਾ। ਹਾਰ ਜਾਣ ਦੀ ਸੂਰਤ ਵਿਚ ਪੈਸੇ ਮੰਗਣ ਲੱਗਿਆਂ ਕਈ ਦਿਨਾਂ ਦਾ ਵਕਫਾ ਪੈਣ ਦੀਆਂ ਸੰਭਾਵਨਾਵਾਂ ਆਪਣੇ ਆਪ ਹੀ ਬਣ ਜਾਂਦੀਆਂ ਹਨ।
ਜਿੱਤਣ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਇਕ ਹੋਰ ਉਮੀਦਵਾਰ ਦੇ ਪੁੱਤਰਾਂ ਨੇ ਆਪਣੀ ਪਾਰਟੀ ਦੇ ਸਿਆਸੀ ਭਾਈਵਾਲਾਂ ਨੂੰ ਇਹ ਕਹਿਣ ਤੋਂ ਆਰਥਿਕ ਮਦਦ ਦੇਣ ਤੋਂ ਨਾਂਹ ਕਰ ਦਿੱਤੀ ਕਿ ਪਹਿਲਾਂ ਹੀ ਚੋਣ ਖਰਚਾ ਹੱਦ ਤੋਂ ਵੱਧ ਟੱਪ ਗਿਆ ਹੈ, ਅਜੇ ਵੋਟਾਂ ਵਿਚ ਤਿੰਨ ਦਿਨ ਪਏ ਹਨ। ਇਨ੍ਹਾਂ ਤਿੰਨਾਂ ਦਿਨਾਂ ਵਿਚ ਤਾਂ ਪੈਸਿਆਂ ਦੀ ਹੋਰ ਵੀ ਲੋੜ ਪੈਣੀ ਹੈ। ਪੈਸੇ ਮੰਗਣ ਆਏ ਦੋ ਤਿੰਨ ਆਗੂ ਇਸ ਗੱਲੋਂ ਨਾਰਾਜ਼ ਸਨ ਕਿ ਉਹ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਵਰਕਰਾਂ ਨੂੰ ਕੀ ਮੂੰਹ ਦਿਖਾਉਣਗੇ ਤੇ ਜੇਬ ਵਿਚੋਂ ਕਿਵੇਂ ਖਰਚਾ ਕਰਨਗੇ। ਇਨ੍ਹਾਂ ਆਗੂਆਂ ਨੇ ‘ਮਨ ਕੀ ਬਾਤ’ ਦਿਲ ਵਿਚ ਹੀ ਦੱਬੀਂ ਰੱਖਣ ਅਤੇ ਸਬਰ ਦਾ ਘੁੱਟ ਭਰਨ ਨੂੰ ਪਹਿਲ ਦਿੱਤੀ। ਸ਼ਹਿਰੀ ਇਲਾਕਿਆਂ ਵਿਚ ਕੌਂਸਲਰਾਂ ਨੇ ਵੀ ਆਪਣੀ ਪਾਰਟੀ ਦੇ ਉਮੀਦਵਾਰ ਕੋਲੋਂ ਖਰਚੇ ਪਾਣੀ ਦੀ ਮੰਗ ਕੀਤੀ ਸੀ ਪਰ ਉਸ ਦੇ ਪੁੱਤ ਨੇ ਝੱਗਾ ਚੁੱਕ ਕੇ ਦਿਖਾ ਦਿੱਤਾ।

Leave a Reply

Your email address will not be published. Required fields are marked *