Latest news

ਲੋਕ ਸਭਾ ‘ਚ ਮਿਲੇ ਫੰਡ ਦੇ ਵੇਰਵੇ ਨਾਲ ਅਕਾਲੀ ਦਲ ਸਵਾਲਾਂ ਦੇ ਘੇਰੇ ‘ਚ

ਅਕਾਲੀ ਦਲ ਵਲੋਂ ਖਰਚੇ ਗਏ ਪੈਸਿਆਂ ਦਾ ਵੇਰਵਾ ਜਿਉਂ ਹੀ ਲੋਕ ਸਭਾ ‘ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪਾਰਟੀ ਸਵਾਲਾਂ ਦੇ ਘੇਰੇ ‘ਚ ਘਿਰ ਗਈ ਹੈ ਕਿ ਆਖਿਰ ਸ਼੍ਰੋਮਣੀ ਅਕਾਲੀ ਦਲ ਕੀ ਅਸਲ ‘ਚ ਇਕ ਰਾਜਨੀਤਕ ਪਾਰਟੀ ਹੀ ਹੈ ਜਾਂ ਫਿਰ ਇਹ ਬਾਦਲ ਪ੍ਰਾਈਵੇਟ ਕੰਪਨੀ ਹੈ, ਜਿਸ ‘ਚ ਹਰ ਫੈਸਲਾ ਲੈਣ ਤੋਂ ਲੈ ਕੇ ਪਾਰਟੀ ਫੰਡ ਕਿੱਥੇ ਖਰਚ ਕਰਨਾ ਹੈ, ਇਸ ਦਾ ਫੈਸਲਾ ਵੀ ਸਿਰਫ ਬਾਦਲ ਪਰਿਵਾਰ ਹੀ ਲੈ ਸਕਦਾ ਹੈ? ਇਹ ਸਾਰਾ ਵਿਵਾਦ ਅਸਲ ‘ਚ ਇਸ ਲਈ ਖੜ੍ਹਾ ਹੋਇਆ ਕਿਉਂਕਿ ਪਾਰਟੀ ਵਲੋਂ ਪੇਸ਼ ਕੀਤੀ ਗਈ ਖਰਚਾ ਰਿਪੋਰਟ ‘ਚ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ 2019 ‘ਚ ਪਾਰਟੀ ਫੰਡ ‘ਚੋਂ ਤਕਰੀਬਨ 81 ਲੱਖ ਰੁਪਏ ਸਿਰਫ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੁਹਿੰਮ ਚਲਾਉਣ ਲਈ ਦਿੱਤੇ ਗਏ। ਇਸ ‘ਚੋਂ 40.89 ਲੱਖ ਰੁਪਏ ਪਾਰਟੀ ਫੰਡ ‘ਚੋਂ ਹਰਸਿਮਰਤ ਕੌਰ ਬਾਦਲ ਨੂੰ ਦਿੱਤੇ ਗਏ, ਜਦੋਂਕਿ 40 ਲੱਖ ਰੁਪਏ ਸੁਖਬੀਰ ਬਾਦਲ ਨੂੰ ਜਾਰੀ ਕੀਤੇ ਗਏ ਸਨ।

ਅਕਾਲੀ ਦਲ ਵਲੋਂ ਪੰਜਾਬ ਦੀਆਂ 13 ਸੀਟਾਂ ‘ਚੋਂ 10 ‘ਤੇ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਗਏ ਸਨ ਪਰ ਉਨ੍ਹਾਂ ‘ਚੋਂ ਸਿਰਫ ਸੁਖਬੀਰ (ਫਿਰੋਜ਼ਪੁਰ) ਅਤੇ ਹਰਸਿਮਰਤ (ਬਠਿੰਡਾ) ਤੋਂ ਸੰਸਦ ਮੈਂਬਰ ਦੇ ਤੌਰ ‘ਤੇ ਲੋਕ ਸਭਾ ‘ਚ ਪਹੁੰਚੇ। ਪਾਰਟੀ ਵਲੋਂ ਇਨ੍ਹਾਂ ਆਗੂਆਂ ਨੂੰ ਤਕਰੀਬਨ 81 ਲੱਖ ਰੁਪਏ ਪਾਰਟੀ ਫੰਡ ‘ਚੋਂ ਜਾਰੀ ਕਰਨ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੂੰ ਇਕ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਪਾਰਟੀ ਚੌਤਰਫਾ ਘਿਰਦੀ ਨਜ਼ਰ ਆ ਰਹੀ ਹੈ। ਹੋਰ ਵਿਰੋਧੀ ਪਾਰਟੀਆਂ ਵਲੋਂ ਅਕਾਲੀ ਦਲ ‘ਤੇ ਹਮਲੇ ਸ਼ੁਰੂ ਹੋ ਗਏ ਹਨ ਕਿ ਅਸਲ ‘ਚ ਪਾਰਟੀ ਜਮਹੂਰੀ ਢੰਗ ਨਾਲ ਕੰਮ ਨਹੀਂ ਕਰ ਰਹੀ।

ਮਾਮਲੇ ਬਾਰੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਫੰਡ ਨੂੰ ਕਿੱਥੇ ਖਰਚ ਕਰਨਾ ਹੈ, ਹੋਰ ਅਹਿਮ ਫੈਸਲੇ ਪਾਰਟੀ ਕੋਰ ਕਮੇਟੀ ਦੀ ਸਹਿਮਤੀ ਨਾਲ ਹੁੰਦੇ ਹਨ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸੁਖਬੀਰ ਅਤੇ ਹਰਸਿਮਰਤ ਬਾਦਲ ਨੂੰ ਜਿਤਾਉਣਾ ਪਾਰਟੀ ਲਈ ਪ੍ਰੈਸਟੀਜ਼ ਦਾ ਸਵਾਲ ਸੀ। ਇਸ ਲਈ ਉਨ੍ਹਾਂ ਨੂੰ ਫੰਡ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸਵਾਲ ਉਠਾਉਣਾ ਗਲਤ ਗੱਲ ਹੈ।


Leave a Reply

Your email address will not be published. Required fields are marked *