Latest news

ਪਿੰਡ ਦੀ ਜਿਹੜੀ ਜ਼ਮੀਨ ਬੋਲੀ ਉੱਥੇ ਝੋਨਾ ਪਹਿਲਾਂ ਹੀ ਲੱਗਿਆ ਹੋਇਆ

There is already a paddy field lying in the village

ਬਠਿੰਡਾ
ਲਾਲਫੀਤਾਸ਼ਾਹੀ ਦਾ ਹੀ ਇਹ ਕ੍ਰਿਸ਼ਮਾ ਹੈ ਕਿ ਉਸਦੇ ਵਾਰਸ ਦਾ ਸੂਬੇ ਵਿੱਚ ਰਾਜ ਭਾਗ ਹੋਣ ਦੇ ਬਾਵਜੂਦ ਉਹਨਾਂ ਦੇ ਜੱਦੀ ਪਿੰਡ ਮਹਿਰਾਜ ਦੀ ਸਾਂਝੀ ਜ਼ਮੀਨ ਇਨਸਾਫ ਲਈ ਕੁਰਲਾਹਟ ਮਚਾ ਰਹੀ ਹੈ। ਅਫਸੋਸ, ਸੁਣਨ ਵਾਲਾ ਨਾ ਕੋਈ ਸੰਤਰੀ ਐ ਤੇ ਨਾ ਹੀ ਕੋਈ ਮੰਤਰੀ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 2013-14 ਦੇ ਮਾਲੀ ਵਰ੍ਹੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਜੱਦੀ ਪਿੰਡ ਨੂੰ ਜੋ ਪੰਚਇੰਤੀ ਜ਼ਮੀਨ ਠੇਕੇ ਤੇ ਦਿੱਤੀ ਸੀ, ਉਸਦਾ ਰਕਬਾ 92 ਏਕੜ ਸੀ। 2014 ਵਿੱਚ ਗਰਾਮ ਪੰਚਾਇੰਤ ਦੀ ਬਜਾਏ ਹੋਂਦ ਵਿੱਚ ਆਈ ਨਗਰ ਪੰਚਾਇਤ ਨੇ ਮਾਲੀ ਵਰ੍ਹੇ 2014-15 ਲਈ ਜੋ ਪੰਚਾਇਤੀ ਜ਼ਮੀਨ ਠੇਕੇ ਤੇ ਚਾੜ੍ਹੀ, ਉਸਦਾ ਰਕਬਾ ਘਟ ਕੇ 59 ਏਕੜ ਰਹਿ ਗਿਆ। ਜਦ ਕਿ 37 ਏਕੜ ਜ਼ਮੀਨ ਗਾਇਬ ਹੋ ਗਈ। ਬਾਦਲ ਸਰਕਾਰ ਦੇ ਦੌਰ ‘ਚ ਜ਼ਮੀਨ ਨੂੰ ਲੱਗੇ ਇਸ ਖੋਰੇ ਨੇ 55 ਏਕੜ ਗਾਇਬ ਕਰ ਦਿੱਤੀ।
ਪਿੰਡ ਦੇ ਕੁਝ ਉਤਸ਼ਾਹੀ ਵਿਅਕਤੀਆਂ ਨੇ ਕੈਪਟਨ ਸਰਕਾਰ ਬਣਨ ਉਪਰੰਤ ਸਰਕਾਰੇ ਦਰਬਾਰੇ ਚਾਰਾਜੋਈ ਕੀਤੀ, ਤਾਂ ਕਿ ਗੁੰਮ ਹੋਈ ਜ਼ਮੀਨ ਲੱਭੀ ਜਾ ਸਕੇ। ਇੱਕ ਜਾਗਰੂਕ ਨਾਗਰਿਕ ਹਰਮੀਤ ਸਿੰਘ ਮਹਿਰਾਜ ਨੇ ਲਗਾਤਾਰ ਘਪਲੇਬਾਜ਼ੀ ਹੁੰਦੀ ਰਹਿਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਹੁਣ ਨਗਰ ਪੰਚਾਇਤ ਕੋਲ ਵਾਹੀਯੋਗ ਜ਼ਮੀਨ ਤੀਹ ਪੈਂਤੀ ਏਕੜ ਹੀ ਬਚੀ ਹੈ। 2019-20 ਦੇ ਮਾਲੀ ਵਰ੍ਹੇ ਲਈ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਲਈ ਪਹਿਲਾਂ 6 ਜੂਨ ਦੀ ਤਾਰੀਖ ਤਹਿ ਕੀਤੀ ਸੀ, ਲੇਕਿਨ ਉਸਨੂੰ ਬਦਲ ਕੇ ਪੰਚਾਇਤੀ ਜਮੀਨ ਦੀ ਨਿਲਾਮੀ ਲਈ ਬੋਲੀ ਦੀ ਤਾਰੀਖ 11 ਜੁਲਾਈ ਕਰ ਦਿੱਤੀ। ਇਸ ਸਬੰਧੀ ਅਖ਼ਬਾਰਾਂ ਵਿੱਚ ਪੰਚਾਇਤੀ ਖ਼ਰਚੇ ਤੇ ਇਸਤਿਹਾਰ ਵੀ ਪ੍ਰਕਾਸਿਤ ਕਰਵਾਏ ਜਾ ਚੁੱਕੇ ਹਨ। ਮਾਮਲਾ ਸਿਰਫ ਨਗਰ ਪੰਚਾਇਤ ਦੀ ਲਗਾਤਾਰ ਘਟ ਰਹੀ ਜ਼ਮੀਨ ਤੱਕ ਹੀ ਸੀਮਤ ਨਹੀਂ, ਬਲਕਿ ਹੁਣ ਇਸ ਨੇ ਇੱਕ ਅਜਿਹੇ ਸਕੈਂਡਲ ਦਾ ਰੂਪ ਅਖ਼ਤਿਆਰ ਕਰ ਲਿਐ, ਕਿ ਠੇਕੇ ਤੇ ਚਾੜ੍ਹਣ ਲਈ ਜਿਸ ਜ਼ਮੀਨ ਦੀ ਬੋਲੀ 11 ਜੁਲਾਈ ਨੂੰ ਹੋ ਰਹੀ ਹੈ, ਉਸ ਵਿੱਚ ਝੋਨੇ ਦੀ ਫ਼ਸਲ ਵੀਹ ਦਿਨ ਪਹਿਲਾਂ ਹੀ ਲਾ ਦਿੱਤੀ ਗਈ ਸੀ। ਜਾਣਕਾਰੀ ਮਿਲਣ ਤੇ ਪੱਤਰਕਾਰਾਂ ਨੇ ਜਦ ਪਿੰਡ ਮਹਿਰਾਜ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜਿੱਥੇ ਪੰਚਾਇਤ ਘਰ ਦੀਆਂ ਕੰਧਾਂ ਤੇ ਨਿਲਾਮੀ ਦੇ ਇਸਤਿਹਾਰ ਲੱਗੇ ਹੋਏ ਹਨ, ਉੱਥੇ ਨਿਲਾਮ ਹੋਣ ਵਾਲੀ ਜ਼ਮੀਨ ਵਿੱਚ ਝੋਨੇ ਦੀ ਫਸ਼ਲ ਨਵੀਆਂ ਕਰੂੰਬਲਾਂ ਕੱਢਣ ਦੇ ਅਮਲ ਚੋਂ ਗੁਜਰ ਰਹੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵਡੇਰੇ ਬਾਬਾ ਆਲਾ ਸਿੰਘ ਨੇ ਹੀ ਪਟਿਆਲਾ ਰਿਆਸਤ ਦਾ ਨੀਂਹ ਪੱਥਰ ਰੱਖਿਆ ਸੀ ਤੇ ਉਸੇ ਹੀ ਫੂਲਕੀਆ ਖਾਨਦਾਨ ਨਾਲ ਸਬੰਧਤ ਦੋ ਹੋਰ ਰਿਆਸਤਾਂ ਨਾਭਾ ਤੇ ਸੰਗਰੂਰ ਵੀ ਹੋਇਆ ਕਰਦੀਆਂ ਸਨ। ਮੁਲਕ ਦੇ ਆਜਾਦ ਹੋਣ ਤੋਂ ਬਾਅਦ ਜਿਸ ਪੈਪਸੂ ਨਾਂ ਦੇ ਨਵੇਂ ਭੁਗੋਲਿਕ ਖੇਤਰ ਦਾ ਭਾਰਤ ਸਰਕਾਰ ਨੇ ਗਠਨ ਕੀਤਾ ਸੀ, ਉਸਦੇ ਰਾਜ ਪ੍ਰਮੁੱਖ ਵੀ ਮੌਜੂਦਾ ਮੁੱਖ ਮੰਤਰੀ ਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਹੋਇਆ ਕਰਦੇ ਸਨ।

Leave a Reply

Your email address will not be published. Required fields are marked *