Latest news

ਪੁਲਿਸ ਆਮ ਲੋਕਾਂ ਨਾਲ ਵੱਜ ਰਹੀਆਂ ਠੱਗੀਆਂ ‘ਤੇ ਧੋਖਾਧੜੀਆਂ ਬਾਰੇ ਐਨੀ ਮੁਸਤੈਦੀ ਕਿਉਂ ਨਹੀਂ ਦਿਖਾਉਂਦੀ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪਰਨੀਤ ਕੌਰ ਨਾਲ ਠੱਗਾਂ ਵਲੋਂ ਮਾਰੀ ਗਈ 23 ਲੱਖ ਰੁਪਏ ਦੀ ਆਨਲਾਈਨ ਬੈਂਕਿੰਗ ਠੱਗੀ ਮਾਮਲੇ ਨੂੰ 24 ਘੰਟੇ ‘ਚ ਸੁਲਝਾ ਲਏ ਜਾਣ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੁਲਿਸ ਅਤੇ ਸਬੰਧਤ ਜਾਂਚ ਏਜੰਸੀਆਂ ਆਮ ਲੋਕਾਂ ਨਾਲ ਵੱਜ ਰਹੀਆਂ ਅਜਿਹੀਆਂ ਠੱਗੀਆਂ ਅਤੇ ਧੋਖਾਧੜੀਆਂ ਬਾਰੇ ਐਨੀ ਮੁਸਤੈਦੀ ਕਿਉਂ ਨਹੀਂ ਦਿਖਾਉਂਦੀਆਂ।

ਪਾਰਟੀ ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ‘ਆਪ’ ਵਿਧਾਇਕਾਂ ਨੇ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਨਾਲ ਹੋਈ ਠੱਗੀ ਨੇ ਸੂਬੇ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਦੀਆਂ ਨਕਾਮੀਆਂ ਅਤੇ ਠੱਗ ਗਰੋਹਾਂ ਦੇ ਬੁਲੰਦ ਹੌਂਸਲਿਆਂ ਨੂੰ ਜੱਗ-ਜ਼ਾਹਿਰ ਕੀਤਾ ਹੈ। ਜੇ ਠੱਗ ਇਕ ਮੁੱਖ ਮੰਤਰੀ ਦੀ ਪਤਨੀ ਅਤੇ ਪੜ੍ਹੀ ਲਿਖੀ ਸੰਸਦ ਮੈਂਬਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰ ਸਕਦੇ ਹਨ ਤਾਂ ਇਸ ਦੇਸ਼ ‘ਚ ਆਮ ਨਾਗਰਿਕਾਂ ਦਾ ਕੀ ਹਾਲ ਹੋਵੇਗਾ?

ਸੰਧਵਾਂ ਅਤੇ ਪੰਡੋਰੀ ਨੇ ਕਿਹਾ ਕਿ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਨ੍ਹਾਂ ਕੋਲ ਦਰਜਨਾਂ ਅਜਿਹੇ ਧੋਖਾਧੜੀ ਦੇ ਕੇਸ ਆਉਂਦੇ ਹਨ। ਜ਼ਿਲ੍ਹਿਆਂ ਦੇ ਸਾਈਬਰ ਸੈੱਲਾਂ ਕੋਲ ਸੈਂਕੜੇ ਕੇਸ ਸਾਲਾਂ-ਬੱਧੀ ਅਣਸੁਲਝੇ ਪਏ ਹਨ। 4 ਸਾਲ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਲਾਂ ਦੇ ਬਲਦੇਵ ਸਿੰਘ ਬਿੱਲੂ ਨਾਲ ਮਹਾਰਾਣੀ ਪਰਨੀਤ ਕੌਰ ਵਾਂਗ ਝਾਰਖੰਡ ਦੇ ਬੈਂਕਿੰਗ ਗਿਰੋਹ ਨੇ ਠੱਗੀ ਮਾਰੀ ਸੀ। ਦਿੱਲੀ ਅਤੇ ਬਾਜਾਖਾਨਾ ਪੁਲਿਸ ‘ਚ ਕੇਸ ਦਰਜ ਹੋਇਆ। ਕੁੱਝ ਗ੍ਰਿਫ਼ਤਾਰੀਆਂ ਵੀ ਹੋਈਆਂ, ਪਰ ਅੱਜ ਤਕ ਪੈਸੇ ਦੀ ਰਿਕਵਰੀ ਨਹੀਂ ਹੋਈ, ਉਲਟਾ ਬਾਜਾਖਾਨਾ ਪੁਲਿਸ ਨੇ ਉਨ੍ਹਾਂ ਦਾ ਹੋਰ ਖਰਚਾ ਕਰਵਾ ਦਿੱਤਾ। ਜਦਕਿ ਮਹਾਰਾਣੀ ਪਰਨੀਤ ਕੌਰ ਦੀ 24 ਘੰਟਿਆਂ ‘ਚ ਪੈਸੇ ਦੀ ਵੀ ਰਿਕਵਰੀ ਹੋ ਗਈ।

ਕੁਲਤਾਰ ਸਿੰਘ ਸੰਧਵਾਂ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਮਹਾਰਾਣੀ ਪਰਨੀਤ ਕੌਰ ਦੇ ਮਾਮਲੇ ਨੂੰ ਮਿਸਾਲ ਬਣਾ ਕੇ ਸਾਰੇ ਜ਼ਿਲ੍ਹਿਆਂ ‘ਚ ਦਰਜ ਅਜਿਹੀਆਂ ਠੱਗੀਆਂ ਦੇ ਕੇਸਾਂ ਦੀ ਜਾਣਕਾਰੀ ਲੈ ਕੇ 2 ਹਫ਼ਤਿਆਂ ਦੇ ਅੰਦਰ-ਅੰਦਰ ਠੱਗ ਗਿਰੋਹਾਂ ਨੂੰ ਚੁੱਕਣ ਅਤੇ ਸੂਬੇ ਦੇ ਹਜ਼ਾਰਾਂ ਪੀੜਤ ਲੋਕਾਂ ਦੇ ਪੈਸੇ ਵਾਪਸ ਕਰਾਉਣ।

Leave a Reply

Your email address will not be published. Required fields are marked *