Jalandhar
ਆਪ’-ਕਾਂਗਰਸ ਦੇ ਸ਼ਾਸਨ ‘ਚ ਜਲੰਧਰ ‘ਚ ਬੁਨਿਆਦੀ ਢਾਂਚੇ ਦੀ ਘਾਟ, ਸਫ਼ਾਈ, ਸੜਕਾਂ ਸਮੇਤ ਖੇਡਾਂ ਦੇ ਵਿਕਾਸ ‘ਚ ਸ਼ਹਿਰ ਪਛੜਿਆ : ਅਨੁਰਾਗ ਠਾਕੁਰ


ਜਲੰਧਰ: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਜਲੰਧਰ ਵਿੱਚ ਬੁਨਿਆਦੀ ਢਾਂਚੇ ਦੀਆਂ ਲੋੜਾਂ ਦੀ ਗੰਭੀਰ ਘਾਟ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਲੰਧਰ ਦੀਆਂ ਸੜਕਾਂ ‘ਤੇ ਸੈਰ ਕਰਨ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਇਸ ਸਾਲ ‘ਚ ਜਲੰਧਰ ‘ਚ ਦੂਰ-ਦੂਰ ਤੱਕ ਵਿਕਾਸ ਦੀ ਇੱਕ ਵੀ ਇੱਟ ਨਹੀਂ ਲੱਗੀ। ਠਾਕੁਰ ਨੇ ਕਿਹਾ ਕਿ ਇੱਥੇ ਵਿਕਾਸ ਦੀ ਬਜਾਏ ਵਿਨਾਸ਼ ਹੋ ਰਿਹਾ ਹੈ ਅਤੇ ਇਸਦੀ ਸਕ੍ਰਿਪਟ ਆਮ ਆਦਮੀ ਪਾਰਟੀ ਲਿਖ ਰਹੀ ਹੈ, ਪੂਰੇ ਪੰਜਾਬ ਦਾ ਇਹੀ ਹਾਲ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਖੇਡ ਉਦਯੋਗ, ਸਿਹਤ ਅਤੇ ਬੁਨਿਆਦੀ ਢਾਂਚੇ ਲਈ ਮਸ਼ਹੂਰ ਜਲੰਧਰ ਅੱਜ ਇਸ ਦੁਰਦਸ਼ਾ ਦਾ ਸ਼ਿਕਾਰ ਬਣਿਆ ਹੋਇਆ ਹੈ। ਸ਼ਹਿਰ ਵਿੱਚ ਨਾ ਤਾਂ ਸਫ਼ਾਈ ਹੈ ਅਤੇ ਨਾ ਹੀ ਚੰਗੀਆਂ ਸੜਕਾਂ। ਆਮ ਆਦਮੀ ਪਾਰਟੀ ਨੇ ਜਲੰਧਰ ਨੂੰ ਸਪੋਰਟਸ ਹੱਬ ਵਜੋਂ ਵਿਕਸਤ ਕਰਨ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੇ ਪੂਰੇ ਪੰਜਾਬ ਨੂੰ ਐਕਸਟੋਰਸ਼ਨ ਹੱਬ ਬਣਾ ਦਿੱਤਾ ਹੈ।
ਜਲੰਧਰ ਸਮਾਰਟ ਸਿਟੀ ਪ੍ਰਾਜੈਕਟ ‘ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਲੰਧਰ ਨੂੰ ਸਮਾਰਟ ਸਿਟੀ ਪ੍ਰਾਜੈਕਟ ‘ਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਤੱਕ ਇੱਥੇ ਇਕ ਵੀ ਕੰਮ ਨਹੀਂ ਹੋਇਆ। ਸੱਤਾਧਾਰੀ ‘ਆਪ’ ਇਕ ਸਾਲ ਤੋਂ ਵੱਧ ਸਮੇਂ ਤੋਂ ਸੂਬੇ ਨੂੰ ਵਧੀਆ ਸ਼ਾਸਨ ਪ੍ਰਦਾਨ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਸੀਂ ਪੰਜਾਬ ਨੂੰ ਏਮਜ਼, ਪੀ.ਜੀ.ਆਈ ਸੈਟੇਲਾਈਟ ਸੈਂਟਰ, ਸਮਾਰਟ ਸਿਟੀ ਪ੍ਰੋਜੈਕਟ ਲਈ 950 ਕਰੋੜ ਰੁਪਏ ਦਿੱਤੇ ਹਨI ਚਾਹੇ ਉਹ ਨਵਾਂ ਹਾਈਵੇਅ ਹੋਵੇ ਜਾਂ ਸੁਪਰ ਐਕਸਪ੍ਰੈਸਵੇਅ ਬਣਾਉਣ ਦਾ ਮਾਮਲਾ, ਇਹ ਸਭ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਹੀ ਸੰਭਵ ਹੋਇਆ ਹੈ। ਇਹ ਮੋਦੀ ਸਰਕਾਰ ਸੀ ਜਿਸ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ, ਹੇਮਕੁੰਟ ਸਾਹਿਬ ਨੂੰ ਰੋਪਵੇਅ ਮੁਹੱਈਆ ਕਰਵਾਇਆ ਅਤੇ ਚਾਰਧਾਮ ਯਾਤਰਾ ਨੂੰ ਸੁਲਭ ਬਣਾਇਆ। ਅਸੀਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਅਤੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। 1984 ਦੇ ਸਿੱਖ ਦੰਗਿਆਂ ਨੂੰ ਲੈ ਕੇ ਮੋਦੀ ਸਰਕਾਰ ਨੇ ਐਸ.ਆਈ.ਟੀ. ਬਣਾ ਕੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ, ਅਫਗਾਨਿਸਤਾਨ ‘ਚ ਸਾਡੇ ਸਿੱਖ ਭਰਾਵਾਂ ‘ਤੇ ਹਮਲੇ ਬੰਦ ਕਰਵਾਏ। ਉਥੋਂ ਵਿਸ਼ੇਸ਼ ਉਡਾਣ ਚਲਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪੂਰੇ ਅਦਬ ਸਤਿਕਾਰ ਨਾਲ ਭਾਰਤ ਵਾਪਸ ਲਿਆਂਦਾ ਗਿਆ ਅਤੇ ਸਿੱਖ ਪਰਿਵਾਰਾਂ ਨੂੰ ਵੀ ਭਾਰਤ ਲਿਆਉਣ ਦਾ ਕੰਮ ਕੀਤਾ।