

ਸਿਆਸੀ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ-ਆਰਐਸਐਸ ਗੱਠਜੋੜ ਦੀ ਤੁਲਨਾ ਕੌਫ਼ੀ ਦੇ ਕੱਪ ਨਾਲ ਕੀਤੀ ਹੈ, ਜਿਸ ਵਿੱਚ ਭਗਵਾ ਪਾਰਟੀ ਉੱਪਰਲੀ ਝੱਗ ਵਰਗੀ ਹੈ ਅਤੇ ਉਸ ਦੇ ਮੂਲ ‘ਚ ਹੇਠਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਹੈ। ਜਨ ਸੁਰਾਜ ਮੁਹਿੰਮ ਤਹਿਤ 2 ਅਕਤੂਬਰ ਤੋਂ ਬਿਹਾਰ ਵਿੱਚ 3,500 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰ ਰਹੇ ਕਿਸ਼ੋਰ ਨੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਲੌਰੀਆ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ।
ਕਿਸ਼ੋਰ ਨੇ ਅਫ਼ਸੋਸ ਜਤਾਇਆ ਕਿ ਉਸ ਨੂੰ ਇਹ ਸਮਝਣ ਵਿੱਚ ਲੰਮਾ ਸਮਾਂ ਲੱਗਿਆ ਕਿ ਮਹਾਤਮਾ ਗਾਂਧੀ ਦੀ ਕਾਂਗਰਸ ਨੂੰ ਮੁੜ ਸੁਰਜੀਤ ਕਰਕੇ ਹੀ ਨੱਥੂਰਾਮ ਗੌਡਸੇ ਦੀ ਵਿਚਾਰਧਾਰਾ ਨੂੰ ਹਰਾਇਆ ਜਾ ਸਕਦਾ ਹੈ, ਅਤੇ ਚੰਗਾ ਹੁੰਦਾ ਕਿ ਮੈਂ ਨਿਤੀਸ਼ ਕੁਮਾਰ ਅਤੇ ਜਗਨ ਮੋਹਨ ਰੈੱਡੀ ਵਰਗੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਸ ਦਿਸ਼ਾ ‘ਚ ਕੰਮ ਕਰਦਾ। ਆਈਪੈਕ ਦੇ ਸੰਸਥਾਪਕ ਕਿਸ਼ੋਰ, ਜੋ ਕਿ ਨਰਿੰਦਰ ਮੋਦੀ ਦੇ ਰੱਥ ਨੂੰ ਰੋਕਣ ਲਈ ਇੱਕਜੁੱਟ ਵਿਰੋਧੀ ਧਿਰ ਦੀ ਪ੍ਰਭਾਵਸ਼ੀਲਤਾ ‘ਤੇ ਸ਼ੱਕ ਕਰਦੇ ਰਹੇ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਕੋਈ ਇਹ ਨਹੀਂ ਸਮਝਦਾ ਕਿ ਦੇਸ਼ ਵਿੱਚ ਭਾਜਪਾ ਹੈ ਕਿਉਂ, ਉਦੋਂ ਤੱਕ ਕੋਈ ਉਸ ਨੂੰ ਹਰਾ ਨਹੀਂ ਸਕਦਾ।
ਉਸ ਨੇ ਕਿਹਾ, “ਕੀ ਤੁਸੀਂ ਕਦੇ ਕੌਫ਼ੀ ਦਾ ਕੱਪ ਦੇਖਿਆ ਹੈ, ਸਭ ਤੋਂ ਉੱਪਰ ਝੱਗ ਹੁੰਦੀ ਹੈ। ਭਾਜਪਾ, ਜੋ ਤੁਹਾਨੂੰ ਦਿਖਾਈ ਦਿੰਦੀ ਹੈ, ਉਸ ਝੱਗ ਦੀ ਤਰ੍ਹਾਂ ਹੈ। ਉਸ ਦੇ ਹੇਠਾਂ ਦੀ ਕੌਫ਼ੀ ਆਰਐਸਐਸ ਹੈ, ਜਿਸ ਦੀ ਬਣਤਰ ਬੜੀ ਡੂੰਘੀ ਹੈ।” ਕਿਸ਼ੋਰ ਨੇ ਕਿਹਾ ਕਿ ਸਾਲਾਂ ਬੱਧੀ ਮਿਹਨਤ ਕਰ ਕੇ ਆਰਐਸਐਸ ਨੇ ਸਮਾਜ ਅੰਦਰ ਆਪਣੀ ਵਿਚਾਰਧਾਰਾ ਨੂੰ ਜ਼ਮੀਨ ‘ਤੇ ਉਤਾਰਿਆ ਹੈ। ਹੁਣ ਤੁਸੀਂ ਜਿੰਨੇ ਮਰਜ਼ੀ ਹੱਥ-ਪੈਰ ਮਾਰੋ, ਇਹ ਨਿੱਕਲਣ ਵਾਲੀ ਨਹੀਂ। ਪ੍ਰਸ਼ਾਂਤ ਦਾ ਕਹਿਣਾ ਹੈ ਕਿ ਉਸ ਵਾਸਤੇ ਸਖ਼ਤ ਮਿਹਨਤ ਕਰਨੀ ਪਵੇਗੀ। ਇਹ ਸੰਕਲਪ ਧਾਰ ਕੇ ਚੱਲਣਾ ਪਵੇਗਾ ਕਿ ਭਾਵੇਂ ਇਸ ਨੂੰ 10-15 ਸਾਲ ਲੱਗ ਜਾਣ, ਪਰ ਇਸ ਵਿਰੁੱਧ ਤਿੱਖਾ ਸੰਘਰਸ਼ ਵਿੱਢਣਾ ਪਵੇਗਾ।