ਕੈਨੇਡਾ ‘ਚ ਭਾਂਡੇ ਧੋਣ ਵਾਲੇ ਨੂੰ ਮਿਲੇਗੀ 30 ਲੱਖ ਰੁਪਏ ਤਨਖਾਹ

 ਵੈਨਕੂਵਰ ਦੇ ਇਕ ਰੈਸਟੋਰੈਂਟ ਵੱਲੋਂ ਭਾਂਡੇ ਧੋਣ ਦੇ ਕੰਮ ਵਾਸਤੇ ਸਾਲਾਨਾ 50 ਹਜ਼ਾਰ ਡਾਲਰ ਤਨਖਾਹ ਦਾ ਇਸ਼ਤਿਹਾਰ ਦਿਤਾ ਗਿਆ ਹੈ। ਇਸ ਰਕਮ ਨੂੰ ਰੁਪਿਆਂ ਵਿਚ ਤਬਦੀਲ ਕੀਤੀ ਜਾਵੇ ਤਾਂ ਸਾਲਾਨਾ 30 ਲੱਖ ਰੁਪਏ ਤਨਖਾਹ ਬਣਦੀ ਹੈ ਜੋ ਕੈਨੇਡਾ ਦੇ ਕਿਰਤੀ ਖੇਤਰ ਦੀ ਕਹਾਣੀ ਸੁਣਾ ਰਹੀ ਹੈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਵੈਨਕੂਵਰ ਦੇ ਇਸੇ ਰੈਸਟੋਰੈਂਟ ਵੱਲੋਂ ਬੀਤੇ ਅਗਸਤ ਮਹੀਨੇ ਦੌਰਾਨ 25 ਡਾਲਰ ਪ੍ਰਤੀ ਘੰਟਾ ਉਜਰਤ ਬਾਰੇ ਇਸ਼ਤਿਹਾਰ ਦਿਤਾ ਗਿਆ ਸੀ ਅਤੇ ਹੁਣ ਭਾਂਡੇ ਧੋਣ ਵਾਲੇ 4200 ਡਾਲਰ ਪ੍ਰਤੀ ਮਹੀਨੇ ਤਨਖਾਹ ਦਾ ਜ਼ਿਕਰ ਕੀਤਾ ਗਿਆ ਹੈ।

 

ਭਾਂਡੇ ਵੀ ਹੱਥਾਂ ਨਾਲ ਨਹੀਂ ਬਲਕਿ ਮਸ਼ੀਨ ਨਾਲ ਧੋਣੇ ਹੋਣਗੇ। ਰੈਸਟੋਰੈਂਟਸ ਕੈਨੇਡਾ ਦੀ ਪੱਛਮੀ ਇਕਾਈ ਦੇ ਵਾਇਸ ਪ੍ਰੈਜ਼ੀਡੈਂਟ ਮਾਰਕ ਵੌਨ ਸ਼ੈਲਵਿਟਜ਼ ਨੇ ਕਿਹਾ, ”ਇਕ ਗੱਲ ਬਿਲਕੁਲ ਸਾਫ਼ ਹੈ ਕਿ ਸਾਡੇ ਉਦਯੋਗ ਨੂੰ ਕਿਰਤੀਆਂ ਦੀ ਭਾਲ ਵਾਸਤੇ ਸਭ ਤੋਂ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਹੈ।” ਗਲੋਬਲ ਰੈਸਟੋਰੈਂਟ ਗਰੁੱਪ ਦੇ ਮੁੱਖ ਕਾਰਜਕਾਰੀ ਅਫ਼ਸਰ ਇਮਾਦ ਯਾਕੂਬ ਨੇ ਕਿਹਾ ਕਿ ਭਾਂਡੇ ਧੋਣ ਵਾਲੇ ਜ਼ਰੂਰਤ ਵਾਲਾ ਇਸ਼ਤਿਹਾਰ ਦਰਸਾਉਂਦਾ ਹੈ ਕਿ ਰੈਸਟੋਰੈਂਟ ਮਾਲਕਾਂ ਨੂੰ ਤੁਰਤ ਕਿਰਤੀ ਚਾਹੀਦੇ ਹਨ ਪਰ ਮੋਟੀਆਂ ਤਨਖਾਹਾਂ ਦੀ ਪੇਸ਼ਕਸ਼ ਲੰਮਾ ਸਮਾਂ ਨਹੀਂ ਚਲ ਸਕਦੀ ਕਿਉਂਕਿ ਕੋਈ ਵੀ ਘਾਟੇ ਵਾਲਾ ਕਾਰੋਬਾਰ ਚਲਾਉਣਾ ਨਹੀਂ ਚਾਹੇਗਾ।