ਭਾਰਤੀ ਲੋਕ ਪੜ੍ਹਾਈ ਤੋਂ ਲੈ ਕੇ ਨਾਗਰਿਕਤਾ ਲੈਣ ਤੱਕ ਦੇ ਸੁਪਨੇ ਲੈ ਕੇ ਕੈਨੇਡਾ ਆਉਂਦੇ ਰਹੇ ਹਨ ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਕੁਝ ਸਾਲਾਂ ਵਿੱਚ ਲੱਖਾਂ ਭਾਰਤੀ ਵਿਦਿਆਰਥੀਆਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਨੂੰ ਚੁਣਿਆ, ਪਰ ਹੁਣ ਕੈਨੇਡਾ ਵਿੱਚ ਹਾਲਾਤ ਬਦਲ ਰਹੇ ਹਨ। ਭਾਰਤੀ ਨਾਗਰਿਕਾਂ ਲਈ ਕੈਨੇਡਾ ਹੁਣ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਹੈ ਕਿਉਂਕਿ ਦੇਸ਼ ਵਿੱਚ ਜਾਇਦਾਦ ਦੀਆਂ ਵਧਦੀਆਂ ਕੀਮਤਾਂ, ਨੌਕਰੀਆਂ ਦੀ ਕਮੀ ਅਤੇ ਵਧਦੇ ਅਪਰਾਧ ਕਾਰਨ ਇਹ ਸੁਪਨਾ ਹੁਣ ਇੱਕ ਡਰਾਉਣੇ ਸੁਪਨੇ ਵਿੱਚ ਬਦਲ ਰਿਹਾ ਹੈ। ਅਜਿਹੀਆਂ ਸਥਿਤੀਆਂ ਨੇ ਕੈਨੇਡਾ ਵਿੱਚ ਰਿਵਰਸ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਕੀਤਾ ਹੈ।
ਰਿਪੋਰਟ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਵੱਡੀ ਸਮੱਸਿਆ ਨੌਕਰੀਆਂ ਦੀ ਹੈ। ਹਾਲ ਹੀ ਵਿਚ ਆਏ ਪ੍ਰਵਾਸੀ ਕੈਨੇਡਾ ਵਿੱਚ ਬੇਰੋਜ਼ਗਾਰੀ ਦਰ ਨੂੰ ਵਧਾ ਰਹੇ ਹਨ। ਇਸ ਕਾਰਨ ਕੈਨੇਡਾ ਵਿੱਚ ਮਕਾਨਾਂ ਦੇ ਕਿਰਾਏ ਵੀ ਅਸਮਾਨ ਛੂਹ ਰਹੇ ਹਨ। ਵੱਡੀ ਗਿਣਤੀ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕਾਂ ਨੂੰ ਹੁਣ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਸੂਤਰਾਂ ਅਨੁਸਾਰ, ਜੂਨ ਮਹੀਨੇ ਕੈਨੇਡਾ ਵਿੱਚ ਅਸਥਾਈ ਲੋਕਾਂ ਦੀ ਬੇਰੁਜ਼ਗਾਰੀ ਦਰ 11 ਫੀਸਦੀ ਰਹੀ। ਰਿਪੋਰਟ ਮੁਤਾਬਕ ਅਜਿਹਾ ਅਚਾਨਕ ਨਹੀਂ ਹੋਇਆ, ਪਿਛਲੇ ਪੰਜ ਸਾਲਾਂ ਵਿੱਚ ਆਏ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਨੌਕਰੀਆਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਜੂਨ ‘ਚ ਅਜਿਹੇ ਲੋਕਾਂ ਦੀ ਬੇਰੋਜ਼ਗਾਰੀ ਦਰ ਵੀ 12.6 ਫੀਸਦੀ ‘ਤੇ ਪਹੁੰਚ ਗਈ।
ਜਾਣਕਾਰੀ ਅਨੁਸਾਰ ਕੈਨੇਡਾ ‘ਚ ਬੇਰੁਜ਼ਗਾਰੀ ਦਰ ਵਧਣ ਦਾ ਸਭ ਤੋਂ ਵੱਡਾ ਕਾਰਨ ਅਸਥਾਈ ਰਿਹਾਇਸ਼ੀ ਸ਼੍ਰੇਣੀ ਦਾ ਹੈ। ਕੈਨੇਡਾ ਵਿੱਚ ਲਗਾਤਾਰ ਵੱਧ ਰਹੀ ਆਬਾਦੀ ਨਾਲ ਜੀਡੀਪੀ ਤਾਂ ਵਧਾ ਰਹੀ ਹੈ, ਪਰ ਇਸ ਨਾਲ ਲੋਕਾਂ ਦਾ ਜੀਵਨ ਮੁਸ਼ਕਲ ਵੀ ਹੋ ਰਿਹਾ ਹੈ। ਖਾਸ ਕਰਕੇ ਨੌਜਵਾਨ ਪੀੜ੍ਹੀ ਅਤੇ ਪ੍ਰਵਾਸੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਮਕਾਨਾਂ ਦੀ ਘਾਟ ਹੈ, ਕਿਉਂਕਿ ਜਿਸ ਰਫ਼ਤਾਰ ਨਾਲ ਪਰਵਾਸੀ ਆ ਰਹੇ ਹਨ, ਉੱਥੇ ਘਰ ਨਹੀਂ ਬਣ ਰਹੇ। ਅਜਿਹੇ ‘ਚ ਮਕਾਨਾਂ ਦੇ ਕਿਰਾਏ ਅਸਮਾਨ ਨੂੰ ਛੂਹ ਰਹੇ ਹਨ।
ਕੁਝ ਮਹੀਨੇ ਪਹਿਲਾਂ ਟਰੂਡੋ ਸਰਕਾਰ ਨੇ ਮਕਾਨਾਂ ਦੀ ਘਾਟ ਨੂੰ ਪੂਰਾ ਕਰਨ ਲਈ 6 ਅਰਬ ਕੈਨੇਡੀਅਨ ਡਾਲਰ ਦਾ ਕੈਨੇਡਾ ਹਾਊਸਿੰਗ ਇਨਫਰਾਸਟਰੱਕਚਰ ਫੰਡ ਲਾਂਚ ਕੀਤਾ ਸੀ ਪਰ ਰਿਹਾਇਸ਼ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪਿਛਲੇ ਸਾਲ ਕੈਨੇਡਾ ਦੇ ਓਨਟਾਰੀਓ ਵਿੱਚ 50 ਤੋਂ 100 ਵਿਦਿਆਰਥੀਆਂ ਨੂੰ ਰਿਹਾਇਸ਼ ਦੀ ਘਾਟ ਕਾਰਨ ਕਾਲਜ ਦੇ ਬਾਹਰ ਸੜਕ ਕਿਨਾਰੇ ਟੈਂਟ ਲਾ ਕੇ ਰਹਿਣਾ ਪਿਆ ਸੀ। ਸੂਤਰਾਂ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ 3 ਲੱਖ ਭਾਰਤੀ ਵਿਦਿਆਰਥੀ ਹਨ। ਜ਼ਿਆਦਾਤਰ ਵਿਦਿਆਰਥੀ ਕੈਨੇਡਾ ‘ਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕੋਰੀਅਰ, ਵੇਟਰ ਅਤੇ ਕਲਰਕ ਵਰਗੀਆਂ ਨੌਕਰੀਆਂ ਕਰਦੇ ਹਨ, ਪਰ ਮੌਜੂਦਾ ਸਮੇਂ ਵਿੱਚ ਇਹ ਨੌਕਰੀਆਂ ਵੀ ਉਪਲਬਧ ਨਹੀਂ ਹਨ।
ਇਨ੍ਹਾਂ ਹਾਲਾਤਾਂ ਵਿਚਕਾਰ ਹੁਣ ਲੋਕਾਂ ਨੇ ਕੈਨੇਡਾ ਤੋਂ ਜਾਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਛੇ ਦਹਾਕਿਆਂ ਵਿੱਚ ਇਮੀਗ੍ਰੇਸ਼ਨ ਨੇ ਕੈਨੇਡਾ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ, ਪਰ ਹੁਣ ਇਹ ਬਦਲ ਰਿਹਾ ਹੈ। ਰਿਪੋਰਟ ਮੁਤਾਬਕ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਤਕਰੀਬਨ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡਿਆ। ਇਸ ਤੋਂ ਇਲਾਵਾ ਸਾਲ 2022 ‘ਚ 93 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਛੱਡ ਗਏ ਸਨ। ਸਾਲ 2021 ਵਿੱਚ 85 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਛੱਡ ਕੇ ਚਲੇ ਗਏ।