ਅੱਜ ਪੂਰੀ ਦੁਨੀਆ ਸਾਹਮਣੇ ਨਸ਼ਾ ਇਕ ਦੈਂਤ ਵਾਂਗ ਖੜ੍ਹਾ ਨਜ਼ਰ ਆ ਰਿਹਾ ਹੈ। ਜਿਸ ਖ਼ਿਲਾਫ਼ ਇਕ ਮੰਚ ‘ਤੇ ਇਕੱਠੇ ਹੋ ਕੇ ਸੰਸਾਰ ਨੂੰ ਲੜਾਈ ਲੜਨੀ ਪਵੇਗੀ। ਪੰਜਾਬੀ ਸੂਬੇ ‘ਚ ਨਸ਼ੇ ਖੁਣੋਂ ਆਪਣੇ ਲਾਲਾਂ ਨੂੰ ਕੈਨੇਡਾ ਵਰਗੇ ਮੁਲਕ ‘ਚ ਭੇਜਣ ਵਾਲੇ ਮਾਪਿਆਂ ਵਾਸਤੇ ਇਕ ਚਿੰਤਾ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨੀ ਬਣਦੀ ਹੈ।
ਸੋ, ਆਓ ਪਹਿਲਾਂ ਰਿਪੋਰਟ ‘ਤੇ ਇਕ ਪੰਛੀ ਝਾਤ ਮਾਰੀਏ ਤੇ ਜਾਣੀਏ ਕਿ ਕੈਨੇਡਾ ‘ਚ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਕੀ ਸਥਿਤੀ ਹੈ? ਕੈਨੇਡਾ ਦੇ ਬੀਸੀ (ਬ੍ਰਿਟਿਸ਼ ਕੋਲੰਬੀਆ) ‘ਚ ਨਸ਼ਿਆਂ ਦੀ ਵਾਧੂ ਡੋਜ਼ ਨਾਲ ਹਰ ਰੋਜ਼ 6 ਮੌਤਾਂ ਹੋ ਰਹੀਆਂ ਹਨ। ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ 1158 ਜਣਿਆਂ ਨੇ ਜਾਨ ਗਵਾਈ।
ਬੀ.ਸੀ. ਕੌਰੋਨਰਜ਼ ਸਰਵਿਸ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਮਈ ਮਹੀਨੇ ਦੌਰਾਨ 181 ਜਣਿਆਂ ਦੀ ਜਾਨ ਗਈ। ਜੂਨ ਵਿਚ 185 ਜਣਿਆਂ ਨੇ ਦਮ ਤੋੜਿਆ। ਭਾਵੇਂ ਕੁੱਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ 9 ਫ਼ੀਸਦੀ ਘਟੀ ਹੈ, ਪਰ ਨਸ਼ਿਆਂ ਨਾਲ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕਾਰਜਕਾਰੀ ਚੀਫ਼ ਕੌਰੋਨਰ ਜੌਹਨ ਮੈਕਨਮੀ ਦਾ ਕਹਿਣਾ ਸੀ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹਨ। ਮਈ ਅਤੇ ਜੂਨ ਦੌਰਾਨ ਜਾਨ ਗਵਾਉਣ ਵਾਲਿਆਂ ਵਿਚੋਂ ਅੱਧੇ 30 ਤੋਂ 49 ਸਾਲ ਦੀ ਉਮਰ ਵਾਲੇ ਸਨ। ਮੌਜੂਦਾ ਵਰ੍ਹੇ ਦੌਰਾਨ 72 ਫ਼ੀਸਦੀ ਪੁਰਸ਼ਾਂ ਨੇ ਜਾਨ ਗਵਾਈ। ਜਦ ਕਿ ਔਰਤਾਂ ਦੀ ਗਿਣਤੀ 28 ਫ਼ੀਸਦੀ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਿਲ ਕਰਕੇ ਹੋਇਆ ਅਤੇ 82 ਫ਼ੀਸਦੀ ਟੈਸਟਾਂ ਵਿਚ ਇਹ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਵਾਧੂ ਡੋਜ਼ ਕਾਰਨ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪੁੱਜ ਚੁੱਕੀ ਹੈ। ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖ਼ਤਰੇ ਦੇ ਘੇਰੇ ਵਿਚ ਆਉਂਦੇ ਹਨ। ਕੌਰੋਨਰਜ਼ ਸਰਵਿਸ ਨੇ ਜਾਰੀ ਕੀਤੇ 2024 ਦੇ ਪਹਿਲੇ ਅੱਧ ਨਾਲ ਸੰਬੰਧਿਤ ਅੰਕੜਿਆਂ ਮੁਤਾਬਿਕ ਬੀ.ਸੀ. ਵਿਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਕਾਰਨ ਐਨੇ ਲੋਕਾਂ ਦੀ ਮੌਤ ਨਹੀਂ ਹੁੰਦੀ, ਜਿੰਨੀ ਨਸ਼ਿਆਂ ਦੀ ਵਾਧੂ ਡੋਜ਼ ਲੈਣ ਨਾਲ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਮਗਰੋਂ ਤਕਰੀਬਨ ਦੁੱਗਣਾ ਹੋ ਗਿਆ ਹੈ। ਚਾਰ ਸਾਲ ਪਹਿਲਾਂ ਇਕ ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ। ਜਦਕਿ ਇਸ ਵੇਲੇ ਇਕ ਲੱਖ ਪਿੱਛੇ 23 ਔਰਤਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਵਲੋਂ ਤਾਜ਼ਾ ਅੰਕੜਿਆਂ ਨੂੰ ਖ਼ਤਰਨਾਕ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਤਾਂ ਕਿ ਜ਼ਰੂਰਤ ਮਹਿਸੂਸ ਹੋਣ ‘ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੀ। ਸੂਬੇ ਵਿਚ 8 ਸਾਲ ਪਹਿਲਾਂ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਮਗਰੋਂ ਤਕਰੀਬਨ 15 ਹਜ਼ਾਰ ਜਾਨਾਂ ਜਾ ਚੁੱਕੀਆਂ ਹਨ। ਇਥੇ ਦੱਸਣਾ ਬਣਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਕੌਰੋਨਰਜ਼ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 182 ਜਣਿਆਂ ਦੀ ਮੌਤ ਹੋਈ। ਇਹ ਅੰਕੜਾ ਅਪ੍ਰੈਲ 2023 ਦੇ ਮੁਕਾਬਲੇ 24 ਫ਼ੀਸਦੀ ਘੱਟ ਬਣਦਾ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੁਝ ਲੋਕ ਵਾਧੂ ਡੋਜ਼ ਦੇ ਅਸਰ ਤੋਂ ਬਚ ਜਾਂਦੇ ਹਨ, ਪਰ ਦਿਮਾਗ ਨੂੰ ਐਨਾ ਜ਼ਿਆਦਾ ਨੁਕਸਾਨ ਪੁੱਜਦਾ ਹੈ ਕਿ ਸੰਬੰਧਿਤ ਸ਼ਖ਼ਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ, ਜਿਨ੍ਹਾਂ ਨੂੰ 10 ਵਾਰ ਤੋਂ ਵੱਧ ਵਾਰ ਐਮਰਜੈਂਸੀ ਰੂਮ ‘ਚ ਜਾਣਾ ਪਿਆ। ਜਦ ਕਿ ਇਕ ਸ਼ਖਸ 180 ਵਾਰ ਐਮਰਜੈਂਸੀ ਰੂਮ ਗਿਆ। ਨਸ਼ਿਆਂ ਦੀ ਵਧ ਰਹੀ ਲਤ ਨੇ ਪੂਰੇ ਸੰਸਾਰ ਨੂੰ ਆਪਣੇ ਕਲਾਵੇ ‘ਚ ਲੈ ਲਿਆ ਹੈ। ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਜਿਸ ‘ਤੇ ਮਨੁੱਖ ਨੂੰ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਨਸ਼ਾ ਤਸਕਰ ਤਾਂ ਆਪਣਾ ਕਾਰੋਬਾਰ ਕਰਦੇ ਰਹਿਣਗੇ, ਪਰ ਲੋਕਾਂ ਦੀਆਂ ਜਾਨਾਂ ਅਜਾਈਂ ਜਾਂਦੀਆਂ ਰਹਿਣਗੀਆਂ। ਨਸ਼ੇ ਨਾਲ ਮਰਨ ਵਾਲਾ ਭਾਰਤੀ ਹੋਵੇ ਜਾਂ ਕੈਨੇਡਾ ਤੇ ਜਾਂ ਫਿਰ ਕਿਸੇ ਹੋਰ ਦੇਸ਼ ਦਾ, ਹੈ ਤਾਂ ਉਹ ਇਨਸਾਨ ਹੀ।