ਕੈਨੇਡਾ ਵੱਲੋਂ ਵੀਜ਼ਾ ਨਿਯਮਾਂ ‘ਚ ਵੱਡੀ ਤਬਦੀਲੀ, 10 ਸਾਲ ਵਾਲੇ ਮਲਟੀਪਲ ਐਂਟਰੀ ਵੀਜ਼ਿਆਂ ‘ਤੇ ਲਾਈ ਰੋਕ
Major change in visa rules by Canada, ban on 10-year multiple entry visas
ਕੈਨੇਡਾ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ਦੇ ਨਿਯਮਾਂ ਵਿਚ ਵੱਡੀ ਤਬਦੀਲੀ ਕਰਦਿਆਂ ਮਲਟੀਪਲ ਐਂਟਰੀ ਦੀ ਬਜਾਏ ਸਿੰਗਲ ਐਂਟਰੀ ਵਾਲੇ ਵੀਜ਼ੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਹੁਣ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ੇ ਚੋਣਵੇਂ ਲੋਕਾਂ ਨੂੰ ਹੀ ਮਿਲ ਸਕਣਗੇ ਅਤੇ ਇਹ ਫੈਸਲਾ ਕਰਨ ਦਾ ਹੱਕ ਮੌਕੇ ‘ਤੇ ਮੌਜੂਦ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਹੋਵੇਗਾ।
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਵਿਜ਼ਟਰ ਵੀਜ਼ਾ ਦੀ ਮਿਆਦ ਉਤੇ ਖਾਸ ਜ਼ੋਰ ਦਿਤਾ ਗਿਆ ਹੈ। ਜ਼ਿਆਦਾਤਰ ਵੀਜ਼ੇ ਸਿੰਗਲ ਐਂਟਰੀ ਵਾਲੇ ਹੋਣ ਦੇ ਮੱਦੇਨਜ਼ਰ ਇਨ੍ਹਾਂ ਦੀ ਮਿਆਦ 6 ਮਹੀਨੇ ਤੋਂ ਇਕ ਸਾਲ ਤੱਕ ਹੀ ਹੋਵੇਗੀ।
10 ਸਾਲ ਵਾਲੇ ਮਲਟੀਪਲ ਐਂਟਰੀ ਵੀਜ਼ਿਆਂ ‘ਤੇ ਲਾਈ ਰੋਕ
ਸਭ ਤੋਂ ਪਹਿਲਾਂ ਸਬੰਧਤ ਬਿਨੈਕਾਰ ਵੱਲੋਂ ਕੈਨੇਡਾ ਆਉਣ ਦਾ ਮਕਸਦ ਦੇਖਿਆ ਜਾਵੇਗਾ ਅਤੇ ਜੇ ਇਹ ਮਕਸਦ ਕਿਸੇ ਵਿਆਹ ਸਮਾਗਮ, ਕਾਨਫਰੰਸ ਜਾਂ ਟ੍ਰੇਨਿੰਗ ਸੈਸ਼ਨ ਨਾਲ ਸਬੰਧਤ ਹੋਵੇ ਤਾਂ ਸਿੰਗਲ ਐਂਟਰੀ ਵਾਲਾ ਵੀਜ਼ਾ ਹੀ ਮਿਲ ਸਕੇਗਾ। ਬਿਨੈਕਾਰ ਦੀ ਆਰਥਿਕ ਹਾਲਤ ਬਾਰੇ ਪਹਿਲਾਂ ਵੀ ਡੂੰਘਾਈ ਨਾਲ ਘੋਖਿਆ ਜਾਂਦਾ ਸੀ ਪਰ ਹੁਣ ਇਹ ਵੀ ਤੈਅ ਕੀਤਾ ਜਾਵੇਗਾ ਕਿ ਬਿਨੈਕਾਰ ਨੂੰ ਕੈਨੇਡਾ ਸੱਦਣ ਵਾਲਾ ਮੇਜ਼ਬਾਨ ਉਸ ਦੇ ਖਰਚੇ ਬਰਦਾਸ਼ਤ ਕਰਨ ਦੀ ਤਾਕਤ ਰਖਦਾ ਹੈ ਜਾਂ ਨਹੀਂ। ਮੇਜ਼ਬਾਨ ਵੱਲੋਂ ਅਤੀਤ ਵਿਚ ਕਿੰਨੇ ਜਣਿਆਂ ਨੂੰ ਕੈਨੇਡਾ ਸੱਦਿਆ ਗਿਆ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ, ਇਨ੍ਹਾਂ ਤੱਥਾਂ ਉਤੇ ਵੀ ਬਾਰੀਕੀ ਨਾਲ ਗੌਰ ਕੀਤੀ ਜਾਵੇਗੀ। ਆਰਥਿਕ ਹਾਲਾਤ ਤੋਂ ਇਲਾਵਾ ਬਿਨੈਕਾਰ ਦਾ ਸਰੀਰਕ ਪੱਖੋਂ ਵੀ ਤੰਦਰੁਸਤ ਹੋਣਾ ਲਾਜ਼ਮੀ ਹੈ। ਬਿਨੈਕਾਰ ਵੱਲੋਂ ਕੈਨੇਡਾ ਆਉਣ ਦਾ ਮਕਸਦ ਇਲਾਜ ਕਰਵਾਉਣਾ ਹੋਣ ਦੀ ਸੂਰਤ ਵਿਚ ਉਸ ਦੇ ਮੇਜ਼ਬਾਨ ਦੀ ਆਰਥਿਕ ਹਾਲਤ ਬੇਹੱਦ ਮਜ਼ਬੂਤ ਹੋਣੀ ਲਾਜ਼ਮੀ ਹੈ। ਭਾਵੇਂ ਕੈਨੇਡਾ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ਦੇ ਨਵੇਂ ਨਿਯਮ ਹਰ ਮੁਲਕ ਵਾਸਤੇ ਜਾਰੀ ਕੀਤੇ ਗਏ ਹਨ ਪਰ ਇਨ੍ਹਾਂ ਨੂੰ ਸਿੱਧੇ ਤੌਰ ‘ਤੇ ਭਾਰਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਰਤੀ ਡਿਪਲੋਮੈਟਸ ਨੂੰ ਕੱਢਣ ਅਤੇ ਬਰੈਂਪਟਨ ਵਿਚ ਧਾਰਮਿਕ ਥਾਵਾਂ ‘ਤੇ ਵਾਪਰੇ ਘਟਨਾਕ੍ਰਮ ਸਖ਼ਤੀ ਦਾ ਕਾਰਨ ਦੱਸੇ ਜਾ ਰਹੇ ਹਨ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣੀ ਚਾਹੁੰਦਾ ਹੈ ਜੋ ਇਸ ਵੇਲੇ 30 ਲੱਖ ਤੋਂ ਉਤੇ ਟੱਪ ਚੁੱਕੀ ਹੈ।