ਜਲੰਧਰ, ਐਚ ਐਸ ਚਾਵਲਾ।
ਕੱਲ 27 ਅਕਤੂਬਰ ਤੋਂ 39ਵਾਂ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਅਤੇ ਸੁਰਜੀਤ ਹਾਕੀ ਦੇ ਮੀਤ ਪ੍ਰਧਾਨ ਰਮਣੀਕ ਸਿੰਘ ਰੰਧਾਵਾ ਨੇ ਦੱਸਿਆ ਕਿ ਹਰ ਸਾਲ ਓਲੰਪੀਅਨ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ ਟੂਰਨਾਮੈਂਟ ਕਰਵਾਇਆ ਜਾਂਦਾ ਹੈ।
ਰਮਣੀਕ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੈਚ ਵਿੱਚ 16 ਚੋਟੀ ਦੀਆਂ ਹਾਕੀ ਟੀਮਾਂ ਆਪਣੇ ਜੌਹਰ ਦਿਖਾਉਣਗੀਆਂ। 9 ਦਿਨ ਤੱਕ ਚਲਣ ਵਾਲੇ ਇਸ ਹਾਕੀ ਟੂਰਨਾਮੈਂਟ ਵਿੱਚ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਦਾ ਹੁਨਰ ਵੇਖਿਆ ਜਾ ਸਕੇਗਾ। ਸੈਮੀਫਾਈਨਲ 3 ਨਵੰਬਰ ਨੂੰ ਖੇਡਿਆ ਜਾਵੇਗਾ ਜਦਕਿ ਫਾਈਨਲ 4 ਨਵੰਬਰ 2022 ਨੂੰ ਖੇਡਿਆ ਜਾਵੇਗਾ।
ਰਮਣੀਕ ਸਿੰਘ ਰੰਧਾਵਾ ਨੇ ਦੱਸਿਆ ਕਿ ਐਵਾਰਡ ਵਿੱਚ ਮਾਰੂਤੀ ਆਲਟੋ ਕਾਰ ਦੇ ਨਾਲ-ਨਾਲ ਇੱਕ ਮੋਟਰਸਾਈਕਲ, ਫਰਿੱਜ ਅਤੇ ਐਲਸੀ ਵੀ ਦਿੱਤਾ ਜਾਵੇਗਾ।
ਰਮਣੀਕ ਸਿੰਘ ਰੰਧਾਵਾ ਵਲੋਂ ਅੱਜ 26 ਅਕਤੂਬਰ ਨੂੰ ਸੁਰਜੀਤ ਹਾਕੀ ਸਟੇਡੀਅਮ ਦੀ ਗ੍ਰਾਉੰਡ ਦਾ ਜਾਇਜਾ ਲਿਆ ਗਿਆ ਅਤੇ ਹੋਣ ਵਾਲੇ ਮੈਚ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ। ਉਹਨਾਂ ਜਲੰਧਰ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਨੂੰ ਖੁਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਹਾਕੀ ਟੂਰਨਾਮੈਂਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸੁਆਗਤ ਹੈ।