

ਮਾਲੇਰਕੋਟਲਾ ਦੇ ਨੇਡ਼ਲੇ ਪਿੰਡ ਵਿਚ ਅੱਜ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਅਣਮਨੁੱਖੀ ਵਿਵਹਾਰ ਨੂੰ ਦੇਖ ਕੇ ਰੌਂਗਟੇ ਖਡ਼ੇ ਹੋ ਜਾਂਦੇ ਹਨ। ਇਸ ਘਟਨਾ ਸਬੰਧੀ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਇਥੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਨੂੰ ਘਰੇ ਬੁਲਾ ਕੇ ਅਲਫ ਨੰਗਾ ਕਰਕੇ ਉਸ ਦਾ ਮੂੰਹ ਕਾਲਾ ਕੀਤਾ ਗਿਆ ਅਤੇ ਉਸ ਨੂੰ ਜ਼ਬਰਦਸਤੀ ਪਿਸ਼ਾਬ ਵੀ ਪਿਲਾਇਆ ਗਿਆ।
ਇਹ ਘਟਨਾ 14 ਅਗਸਤ ਦੀ ਦੱਸੀ ਜਾ ਰਹੀ ਹੈ। ਇਸ ਅਣਮਨੁੱਖੀ ਕਾਰੇ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ’ਤੇ ਇਹ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਵੀਡੀਓ ਵਾਇਰਲ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਵਾਲਿਆਂ ’ਤੇ ਥਾਣਾ ਸੰਦੋਡ਼ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਦਲਿਤ ਸਿੱਖ ਹੈ। ਉਸ ’ਤੇ ਪਿੰਡ ਦੀ ਹੀ ਔਰਤ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਇਸ ਕਾਰਨ ਉਸ ਨਾਲ ਇਹ ਅਣਮਨੁੱਖੀ ਵਰਤਾਰਾ ਕੀਤਾ ਗਿਆ।