ਜਗਤ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ 3 ਦਿਨਾ ਸਮਾਗਮ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਚ
A three-day event dedicated to the 400th birth anniversary of Jagat Mata Gujri Ji will be held at Gurdwara Sri Gangsar Sahib Kartarpur.





ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਦੇ ਜਨਮ ਅਸਥਾਨ ਬਾਰੇ ਮਿਲਦੇ ਇਤਿਹਾਸਕ ਵੇਰਵਿਆਂ ਮੁਤਾਬਕ ਉਨ੍ਹਾਂ ਦਾ ਜਨਮ 1624 ’ਚ ਜ਼ਿਲ੍ਹੇ ਦੇ ਸ੍ਰੀ ਗੁਰੂ ਅਰਜੁਨ ਦੇਵ ਜੀ ਵੱਲੋਂ 1594 ’ਚ ਵਸਾਏ ਗਏ ਇਤਿਹਾਸਕ ਸ਼ਹਿਰ ਕਰਤਾਰਪੁਰ ਵਿਖੇ ਪਿਤਾ ਭਾਈ ਲਾਲ ਚੰਦ ਸੁਭਿੱਖੀ ਖੱਤਰੀ ਤੇ ਮਾਤਾ ਬਿਸ਼ਨ ਦੇਵੀ ਦੇ ਗ੍ਰਹਿ ਵਿਖੇ ਹੋਇਆ ਸੀ। ਮਾਤਾ ਗੁਜਰੀ ਦੇ ਮਾਤਾ-ਪਿਤਾ ਮੂਲ ਰੂਪ ’ਚ ਲਖਨੌਰ (ਹੁਣ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਪੈਂਦਾ ਹੈ) ਦੇ ਰਹਿਣ ਵਾਲੇ ਸਨ। ਇਤਿਹਾਸਕਾਰਾਂ ਮੁਤਾਬਕ ਮਾਤਾ ਗੁਜਰੀ ਦਾ ਰਿਸ਼ਤਾ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਉਦੋਂ ਤੈਅ ਹੋਇਆ ਸੀ, ਜਦੋਂ ਉਨ੍ਹਾਂ ਦਾ ਪਰਿਵਾਰ 1929 ’ਚ ਨੌਵੇਂ ਗੁਰੂ ਜੀ ਦੇ ਵੱਡੇ ਭਰਾ ਸੂਰਜ ਮੱਲ ਦੇ ਵਿਆਹ ਸਮਾਗਮਾਂ ’ਚ ਹਿੱਸਾ ਲੈਣ ਪੁੱਜੇ ਸਨ। ਉਸ ਵੇਲੇ ਮਾਤਾ ਗੁਜਰੀ ਜੀ ਉਮਰ 5 ਸਾਲ ਦੀ ਸੀ। ਰਿਸ਼ਤਾ ਹੋਣ ਦੇ ਚਾਰ ਬਾਅਦ 4 ਫਰਵਰੀ 1933 ਨੂੰ ਕਰਤਾਰਪੁਰ ਦੇ ਰਬਾਬ ਲਾਰੀ ਵਾਲੀ ਬਾਹੀ, ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਰਹਿ ਰਹੇ ਸਨ, ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਵਿਆਹ ਬੰਧਨ ’ਚ ਬੱਝੇ ਸਨ। ਇਤਿਹਾਸਕ ਵੇਰਵਿਆਂ ਮੁਤਾਬਕ ਉਸ ਵੇਲੇ ਮਾਤਾ ਗੁਜਰੀ ਦੀ ਉਮਰ 9 ਸਾਲ ਤੇ ਗੁਰੂ ਤੇਗ ਬਹਾਦਰ ਜੀ ਦੀ ਉਮਰ 12 ਸਾਲ ਸੀ। ਇਸ ਤਰ੍ਹਾਂ ਕਰਤਾਰਪੁਰ ਉਨ੍ਹਾਂ ਦਾ ਜਨਮ ਅਸਥਾਨ ਬਣਨ ਉਪਰੰਤ ਇਥੋਂ ਹੀ ਮਾਤਾ ਜੀ ਨੇ ਆਪਣੇ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕੀਤੀ ਸੀ। ਗੁਰੂ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਵਿਆਹ ਬੰਧਨ ’ਚ ਬੱਝਣ ਵਾਲੇ ਅਸਥਾਨ ’ਤੇ ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਸੁਸ਼ੋਭਿਤ ਹੈ।
ਇਸ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ 1980 ਤੋਂ ਕਰ ਰਹੇ ਹਨ। ਉਨ੍ਹਾਂ ਵੱਲੋਂ ਹਰ ਸਾਲ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦਾ ਵਿਆਹ ਪੁਰਬ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕਾਰ ਸੇਵਾ ਖਡੂਰ ਸਾਹਿਬ ਦੇ ਬਾਬਾ ਬਲਦੇਵ ਸਿੰਘ ਦੱਸਦੇ ਹਨ ਕਿ ਉਕਤ ਅਸਥਾਨ ’ਤੇ ਪਹਿਲਾਂ ਥੜ੍ਹਾ ਹੀ ਹੁੰਦਾ ਸੀ, ਜਿੱਥੇ ਲੋਕ ਦੀਵਾ-ਬੱਤੀ ਕਰਿਆ ਕਰਦੇ ਸਨ। ਕਾਰਸੇਵਾ ਵਾਲੇ ਸੰਤਾਂ ਵੱਲੋਂ ਇਸ ਜਗ੍ਹਾ ਦੀ ਸੇਵਾ ਸੰਭਾਲਣ ਉਪਰੰਤ ਇੱਥੇ ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਉਸਾਰਿਆ ਗਿਆ ਸੀ। ਉਦੋਂ ਤੋਂ ਹੀ ਕਾਰ ਸੇਵਾ ਵਾਲੇ ਬਾਬਿਆ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਅਤੇ ਹਰ ਸਾਲ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦਾ ਵਿਆਹ ਸਮਾਗਮ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬਾਬਾ ਬਲਵੇਦ ਸਿੰਘ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਸਮਾਗਮ 20 ਤੋਂ 22 ਨਵੰਬਰ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।
SGPC ਵੱਲੋਂ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾ ਸਮਾਗਮ 20, 21 ਤੇ 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਕਰਵਾਏ ਜਾ ਰਹੇ ਹਨ। ਇਸ ਗੁਰੂ ਘਰ ਦੇ ਮੈਨੇਜਰ ਜਸਵਿੰਦਰ ਸਿੰਘ ਮੁਤਾਬਕ 20 ਨਵੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਇਨ੍ਹਾਂ ਦੇ ਭੋਗ 22 ਨਵੰਬਰ ਨੂੰ ਸਵੇਰੇ 10 ਵਜੇ ਪੈਣਗੇ। 21 ਨਵੰਬਰ ਨੂੰ ਖ਼ਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਵੱਲੋਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਕਿ ਜਨਮ ਅਸਥਾਨ ਕਰਤਾਰਪੁਰ ਸਾਹਿਬ ਜਲੰਧਰ ਵਿਖੇ ਸਮਾਪਤ ਹੋਵੇਗਾ। 21 ਨੂੰ ਸ਼ਾਮ 6.30 ਵਜੇ ਤੋਂ ਰਾਤ 11 ਵਜੇ ਤਕ ਕੀਰਤਨ ਦਰਬਾਰ ਹੋਵੇਗਾ, ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜੱਥੇ ਮਾਤਾ ਗੁਜਰੀ ਜੀ ਦੇ ਜੀਵਨ ਤੇ ਕੁਰਬਾਨੀ ਬਾਰੇ ਕੀਰਤਨ ਤੇ ਵਾਰਾਂ ਸੁਣਾਉਣਗੇ। ਮੁੱਖ ਸਮਾਗਮ 22 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤਕ ਹੋਵੇਗਾ। ਇਸ ਦੌਰਾਨ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰੀ ਜੱਥੇ ਵਾਰਾਂ ਪੇਸ਼ ਕਰਨ ਤੋਂ ਇਲਾਵਾ ਕਥਾ ਕਰਨਗੇ। ਮੈਨੇਜਰ ਜਸਵਿੰਦਰ ਸਿੰਘ ਮੁਤਾਬਕ ਇਨ੍ਹਾਂ ਸਮਾਗਮਾਂ ਦੌਰਾਨ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸਿੰਘ ਸਾਹਿਬਾਨ, ਐੱਸਜੀਪੀਸੀ ਦੇ ਮੈਂਬਰ ਸਾਹਿਬਾਨ ਤੋਂ ਇਲਾਵਾ ਸਭਾ ਸੁਸਾਇਟੀਆ, ਸੇਵਾਪੰਥੀ ਸੰਸਥਾਵਾਂ, ਸੰਤ-ਮਹਾਪੁਰਸ਼, ਪੰਥਕ ਧਾਰਮਿਕ ਸ਼ਖ਼ਸੀਅਤਾਂ ਅਤੇ ਸਮੂਹ ਨਿਹੰਗ ਸਿੰਘ ਜਥੇਬੇਦੀਆਂ ਸ਼ਿਰਕਤ ਕਰਨਗੀਆਂ।