Jalandhar

ਲੱਕੀ ਓਬਰਾਏ ਕਤਲ ‘ਚ DGP ਨੇ ਪਾਕਿਸਤਾਨੀ ਸਾਜ਼ਿਸ਼ ਦਾ ਕੀਤਾ ਖੁਲਾਸਾ, ਜੋਗਾ ਫੋਲੜੀਵਾਲ ਨੇ ਲਈ ਕਤਲ ਦੀ ਜ਼ਿੰਮੇਵਾਰੀ

ਜਲੰਧਰ: ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਜਲੰਧਰ ਕੈਂਟ ਦੇ ਵਾਰਡ ਨੰਬਰ 35 ਦੇ ਇੰਚਾਰਜ ਲੱਕੀ ਓਬਰਾਏ (53) ਦੀ ਬੁੱਧਵਾਰ ਸਵੇਰੇ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ਸ਼ਹਿਰ ਦੇ ਪਾਸ਼ ਮਾਡਲ ਟਾਊਨ ਇਲਾਕੇ ਵਿੱਚ ਉਦੋਂ ਵਾਪਰੀ ਜਦੋਂ ਲੱਕੀ ਓਬਰਾਏ ਇੱਕ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਣੀ ਥਾਰ ਗੱਡੀ ਵਿੱਚ ਜਾ ਰਿਹਾ ਸੀ।

‘ਕਥਿਤ ਪੋਸਟ ਨੇ ਕੀਤੇ ਵੱਡੇ ਖੁਲਾਸੇ’

ਸੋਸ਼ਲ ਮੀਡੀਆ ਉੱਤੇ ਕਥਿਤ ਪੋਸਟ ਰਾਹੀਂ ਜੋਗਾ ਫੋਲੜੀਵਾਲ ਨੇ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲਈ। ਉਸ ਨੇ ਪੋਸਟ ਵਿੱਚ ਲਿਖਿਆ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਮੈਂ, ਜੋਗਾ ਫੋਲੜੀਵਾਲ ਅੱਜ ਜਲੰਧਰ ਵਿੱਚ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ। ਅਸੀਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਇਹ ਕਤਲ ਕਰਵਾਇਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਜਿਸ ਵਿੱਚ ਉਸ ਨੂੰ ਆਪ ਆਗੂ ਦਰਸਾਇਆ ਗਿਆ ਹੈ, ਉਹ ਝੂਠ ਹੈ। ਉਹ ਇੱਕ ਵੱਡਾ ਨਸ਼ਾ ਤਸਕਰ ਸੀ। ਸਾਡੇ ਕੋਲ ਉਸਦੇ ਸਾਰੇ ਮਾੜੇ ਕੰਮਾਂ ਦੇ ਸਬੂਤ ਹਨ।’

Alleged social media post

ਕਥਿਤ ਸੋਸ਼ਲ ਮੀਡੀਆ ਪੋਸਟ (Alleged social media post)

ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਾਰਨ ਹੋਇਆ। ਨਾਲ ਹੀ ਅਸੀਂ ਤੁਹਾਨੂੰ ਦੱਸ ਦੇਈਏ ਕਿ ਉਸ ਨੇ ਆਪਣੇ ਸਾਰੇ ਮਾੜੇ ਕੰਮਾਂ ਨੂੰ ਛੁਪਾਉਣ ਲਈ ਆਮ ਆਦਮੀ ਪਾਰਟੀ ਦਾ ਸਹਾਰਾ ਲਿਆ ਸੀ। ਉਹ ਕੋਈ ਨੇਤਾ ਨਹੀਂ ਸੀ, ਸਗੋਂ ਇੱਕ ਪੁਲਿਸ ਮੁਖਬਰ ਸੀ। ਮਾੜੇ ਕੰਮਾਂ ਕਾਰਨ ਉਸਦੇ ਪੁਲਿਸ ਨਾਲ ਸਬੰਧ ਸਨ ਅਤੇ ਉਸ ਨੇ ਸਾਡੇ ਭਰਾਵਾਂ ਨੂੰ ਨੁਕਸਾਨ ਪਹੁੰਚਾਇਆ। ਇਸ ਨੇ ਸਾਡੇ ਬਾਰੇ ਜੋ ਵੀ ਬਕਵਾਸ ਕੀਤੀ ਸੀ ਅੱਜ ਅਸੀਂ ਉਸ ਦਾ ਢੁੱਕਵਾਂ ਜਵਾਬ ਦਿੱਤਾ ਹੈ। ਨਾਲ ਹੀ ਦੱਸ ਦਈਏ ਜੋ ਵੀ ਮੇਰੇ ਬਾਰੇ ਚੰਗਾ ਮਾੜਾ ਬੋਲਦਾ ਹੈ ਉਸ ਨੂੰ ਜਲਦੀ ਜਵਾਬ ਦੇਵਾਂਗੇ। ਜੇਕਰ ਕਿਸੇ ਭਰਾ ਨੂੰ ਲੱਗਦਾ ਹੈ ਕਿ ਇਹ ਕਤਲ ਨਾਜਾਇਜ਼ ਸੀ ਤਾਂ ਉਹ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਨਾ ਤਾਂ ਅਸੀਂ ਅੱਜ ਤੱਕ ਕਿਸੇ ਨਾਲ ਮਾੜੀ ਕੀਤੀ ਹੈ ਨਾ ਹੀ ਕਰਾਂਗੇ। -ਲੱਕੀ ਫੋਲੜੀਵਾਲ ਦੀ ਕਥਿਤ ਸੋਸ਼ਲ ਮੀਡੀਆ ਪੋਸਟ

ਪਾਕਿਸਤਾਨ ਦੀ ISI ਅਤੇ ਗੈਂਗਸਟਰਾਂ ਦਾ ਗਠਜੋੜ: DGP

ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਪੰਜਾਬ ਨੂੰ ਅਸਥਿਰ ਕਰਨ ਲਈ ਸਥਾਨਕ ਗੈਂਗਸਟਰਾਂ ਨਾਲ ਮਿਲ ਕੇ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਡੀਜੀਪੀ ਮੁਤਾਬਕ, ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਜ਼ਮੀਨੀ ਰਸਤੇ ਦੀ ਤੁਲਨਾ ਵਿੱਚ ਡਰੋਨ ਰਾਹੀਂ ਕਰੀਬ 400 ਗੁਣਾ ਵੱਧ ਹਥਿਆਰ ਪੰਜਾਬ ਭੇਜੇ ਜਾ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੁਲਿਸ ਅਤੇ ਕੇਂਦਰੀ ਏਜੰਸੀਆਂ ਇਸ ਨੈੱਟਵਰਕ ਨੂੰ ਤੋੜਨ ਲਈ ਪੂਰੀ ਤਰ੍ਹਾਂ ਮੁਸਤੈਦ ਹਨ।

ਲੱਕੀ ਓਬਰਾਏ ਕਤਲ ਕਾਂਡ ‘ਚ ਨਵਾਂ ਮੋੜ: ਜੋਗਾ ਫੋਲੜੀਵਾਲ ਨੇ ਲਈ ਜ਼ਿੰਮੇਵਾਰੀ

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜੋਗਾ ਫੋਲੜੀਵਾਲ ਨਾਮਕ ਵਿਅਕਤੀ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਕਿਸੇ ਸਿਆਸੀ ਰੰਜਿਸ਼ ਕਾਰਨ ਨਹੀਂ, ਸਗੋਂ ਨਿੱਜੀ ਦੁਸ਼ਮਣੀ ਦੇ ਚੱਲਦਿਆਂ ਕੀਤਾ ਗਿਆ ਹੈ। ਪੋਸਟ ਵਿੱਚ ਮ੍ਰਿਤਕ ਲੱਕੀ ਓਬਰਾਏ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਉਹ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਸੀ ਅਤੇ ਖ਼ੁਦ ਵੀ ਨਸ਼ੇ ਦਾ ਆਦੀ ਸੀ।

ਪੁਰਾਣੀ ਰੰਜਿਸ਼ ਅਤੇ ਕਾਲਜ ਦੀ ਪ੍ਰਧਾਨਗੀ ਦਾ ਵਿਵਾਦ

ਵਾਇਰਲ ਪੋਸਟ ਅਨੁਸਾਰ, ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਸ ਖ਼ੂਨੀ ਰੰਜਿਸ਼ ਦਾ ਮੁੱਖ ਕਾਰਨ ਬਣਿਆ। ਦੋਸ਼ ਲਗਾਇਆ ਗਿਆ ਹੈ ਕਿ ਲੱਕੀ ਓਬਰਾਏ ਵਿਰੋਧੀ ਧਿਰ ਦੇ ਸਾਥੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਅਤੇ ਉਨ੍ਹਾਂ ਬਾਰੇ ਇਤਰਾਜ਼ਯੋਗ ਗੱਲਾਂ ਫੈਲਾ ਰਿਹਾ ਸੀ। ਹਮਲਾਵਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸੇ ਗੱਲ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ

ਡੀਜੀਪੀ ਨੇ ਸਪੱਸ਼ਟ ਕੀਤਾ ਕਿ ਪੁਲਿਸ ਇਸ ਮਾਮਲੇ ਦੀ ਗੈਂਗਵਾਰ, ਨਿੱਜੀ ਦੁਸ਼ਮਣੀ ਅਤੇ ਸਿਆਸੀ ਸਾਜ਼ਿਸ਼ ਸਮੇਤ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਗੱਲਾਂ ਅਤੇ ਗੈਂਗਸਟਰਾਂ ਦੇ ਪ੍ਰਲੋਭਨਾਂ ਤੋਂ ਬਚਣ। ਉਨ੍ਹਾਂ ਭਰੋਸਾ ਦਿੱਤਾ ਕਿ ਵਾਰਦਾਤ ਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।

Back to top button