ਜ਼ੀਰੋ FIR ਦਰਜ ਕਰਨ ਲਈ ਪੰਜਾਬ ਪੁਲਿਸ ਨੂੰ ਸਖ਼ਤ ਫਟਕਾਰ
High Court strongly reprimands Punjab Police for registering zero FIR
ਪੰਜਾਬ-ਹਰਿਆਣਾ ਹਾਈਕੋਰਟ ਨੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਨੂੰ ਅਗਵਾ ਕਰਨ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਉਸ ਦੇ ਬਿਆਨ ਦੇ ਬਾਵਜੂਦ ਜ਼ੀਰੋ ਐਫਆਈਆਰ ਦਰਜ ਕਰਨ ਲਈ ਪੰਜਾਬ ਪੁਲਿਸ ਨੂੰ ਸਖ਼ਤ ਫਟਕਾਰ ਲਗਾਈ ਹੈ।
ਹਾਈਕੋਰਟ ਨੇ ਕਿਹਾ ਕਿ ਪ੍ਰਿਤਪਾਲ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਸ ਨੂੰ ਹਰਿਆਣਾ ਪੁਲਿਸ ਪੰਜਾਬ ਦੇ ਇਲਾਕੇ ‘ਚੋਂ ਚੁੱਕ ਕੇ ਲੈ ਗਈ ਸੀ। ਫਿਰ ਕੀ ਕਾਰਨ ਸੀ ਕਿ ਜ਼ੀਰੋ ਐਫਆਈਆਰ ਦਰਜ ਕੀਤੀ ਗਈ। ਹਾਈਕੋਰਟ ਨੇ ਹੁਣ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਪੁਲਿਸ ਨੂੰ ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਨੂੰ ਸਟੇਟਸ ਰਿਪੋਰਟ ਦਰਜ ਕਰਨ ਲਈ ਕਿਹਾ ਹੈ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ। ਇਸ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਮੈਜਿਸਟ੍ਰੇਟ ਨੂੰ ਦਿੱਤੇ ਬਿਆਨ ‘ਚ ਪ੍ਰਿਤਪਾਲ ਨੇ ਸਪੱਸ਼ਟ ਕਿਹਾ ਸੀ ਕਿ ਉਹ ਪੰਜਾਬ ‘ਚ ਮੌਜੂਦ ਸੀ ਤੇ ਸ਼ਾਂਤਮਈ ਪ੍ਰਦਰਸ਼ਨ ਦਾ ਹਿੱਸਾ ਸੀ। ਹਰਿਆਣਾ ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਸੀ। ਫਿਰ ਜ਼ੀਰੋ ਐਫਆਈਆਰ ਦਰਜ ਕਿਉਂ ਕੀਤੀ ਗਈ।
ਹਾਈ ਕੋਰਟ ਨੇ ਐਫਆਈਆਰ ਵਿੱਚ ਪਾਇਆ ਕਿ ਇਸ ਵਿੱਚ ਨਾ ਤਾਂ ਮੈਡੀਕਲ ਰਿਕਾਰਡ ਮੌਜੂਦ ਸੀ ਤੇ ਨਾ ਹੀ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਜੋੜੀਆਂ ਗਈਆਂ ਸਨ। ਇਸ ’ਤੇ ਪੰਜਾਬ ਦੇ ਏਜੀ ਨੇ ਕਿਹਾ ਕਿ ਇਸ ਕੇਸ ਦਾ ਰਿਕਾਰਡ ਸਾਡੇ ਕੋਲ ਸੀਲ ਹੈ ਤੇ ਪੁਲਿਸ ਕੋਲ ਨਾ ਹੋਣ ਕਾਰਨ ਐਫਆਈਆਰ ਵਿੱਚ ਕਤਲ ਦੀ ਕੋਸ਼ਿਸ਼ ਦੀ ਧਾਰਾ ਨਹੀਂ ਜੋੜੀ ਗਈ। ਇਸ ਤੋਂ ਪਹਿਲਾਂ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀ ਕਿ ਪ੍ਰਿਤਪਾਲ ਦੇ ਪਿਤਾ ਵੱਲੋਂ ਅਗਵਾ ਤੇ ਬੇਰਹਿਮੀ ਨਾਲ ਕੁੱਟਮਾਰ ਸਬੰਧੀ ਡੀਜੀਪੀ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ ਗਈ ਹੈ।