India

ਜਾਅਲੀ ਸਰਟੀਫਿਕੇਟ ’ਤੇ ਸਰਕਾਰੀ ਸਕੂਲ ਚ ਲਈ ਮਾਸਟਰ ਦੀ ਨੌਕਰੀ, ਮਾਮਲਾ ਦਰਜ

Master's job in government school on fake certificate, case registered

ਹਰਿਆਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਵੱਲੋਂ ਦਸਵੀਂ ਦੇ ਫਰਜ਼ੀ ਸਰਟੀਫਿਕੇਟਾਂ ਦੇ ਜ਼ਰੀਏ ਸਰਕਾਰੀ ਨੌਕਰੀ ਹਾਸਲ ਕਰਨ ਦੇ ਫਰਜ਼ੀ ਵਾੜੇ ਦਾ ਖ਼ੁਲਾਸਾ ਹੋਇਆ ਹੈ। ਉਕਤ ਨੌਜਵਾਨਾਂ ਨੇ ਯੂਪੀ ਦੇ ਇਕ ਸਕੂਲ ’ਚੋਂ ਦਸਵੀਂ ਦੇ ਨਕਲੀ ਸਰਟੀਫਿਕੇਟ ਤਿਆਰ ਕਰਵਾ ਕੇ ਗ੍ਰਾਮੀਨ ਡਾਕ ਸੇਵਾ ਵਿਚ ਪੋਸਟ ਮਾਸਟਰ ਦੀ ਨੌਕਰੀ ਹਾਸਲ ਕੀਤੀ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਡਾਕ ਵਿਭਾਗ ਦੇ ਸੁਪਰੀਡੈਂਟ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਕਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਵਿਭਾਗ ਕੋਲੋਂ ਇਕ ਸਾਲ ਤੱਕ ਤਨਖ਼ਾਹ ਵੀ ਲੈਂਦੇ ਰਹੇ, ਪਰ ਵਿਭਾਗ ਦੇ ਮੁੱਖ ਦਫ਼ਤਰ ਵੱਲੋਂ ਯੂਪੀ ਬੋਰਡ ਦੇ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਦੁਬਾਰਾ ਤੋਂ ਪੜਤਾਲ ਕੀਤੀ ਤਾਂ ਉਕਤ ਜਾਲਸਾਜ਼ੀ ਜੱਗ ਜਾਹਰ ਹੋ ਗਈ, ਜਿਸ ਤੋਂ ਬਾਅਦ ਉਕਤ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਬਠਿੰਡਾ ਨੂੰ ਕੀਤੀ ਗਈ ਸੀ।

ਇਸ ਸਬੰਧੀ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਪੋਸਟ ਆਫਿਸ ਬਠਿੰਡਾ ਡਿਵੀਜ਼ਨ ਦੇ ਸੁਪਰਡੈਂਟ ਅਜੇ ਕੁਮਾਰ ਤੇ ਰਾਜ ਕੁਮਾਰ ਨੇ ਦੱਸਿਆ ਹੈ ਕਿ ਮਈ 2022 ਵਿਚ ਡਾਕ ਵਿਭਾਗ ਵੱਲੋਂ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਕੀਤੀ ਗਈ ਸੀ, ਜਿਸ ਵਿਚ ਜ਼ਿਲ੍ਹੇ ਦੇ ਗ੍ਰਾਮੀਣ ਡਾਕ ਸੇਵਕ ਬ੍ਰਾਂਚ ਪੋਸਟ ਮਾਸਟਰ ਅਤੇ ਅਸਿਸਟੈਂਟ ਪੋਸਟ ਮਾਸਟਰ ਦੀਆਂ 10 ਅਸਾਮੀਆਂ ਭਰੀਆਂ ਜਾਣੀਆਂ ਸਨ। ਇਨ੍ਹਾਂ ਅਸਾਮੀਆਂ ਲਈ ਚੋਣ 10ਵੀਂ ਜਮਾਤ ਵਿਚ ਹਾਸਲ ਕੀਤੇ ਗਏ ਨੰਬਰਾਂ ਦੀ ਯੋਗਤਾ ਦੇ ਆਧਾਰ ’ਤੇ ਕੀਤੀ ਜਾਣੀ ਸੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੇ 2 ਮਈ 2022 ਤੋਂ 5 ਜੂਨ 2022 ਤਕ ਆਨਲਾਈਨ ਅਰਜ਼ੀ ਦੇਣੀ ਸੀ। ਇਨ੍ਹਾਂ ਅਸਾਮੀਆਂ ਲਈ ਜੰਟਾ ਸਿੰਘ ਵਾਸੀ ਪਿੰਡ ਕੁਲਾ, ਜ਼ਿਲ੍ਹਾ ਫਤਿਹਾਬਾਦ ਹਰਿਆਣਾ ਨੇ ਡਾਕਖਾਨਾ ਅਬਲੂ, ਬਾਜੇਵਾਲਾ, ਭਗਵਾਨਗੜ੍ਹ, ਬੀਰੇਕੇ ਕਲਾਂ, ਦਿਆਲਪੁਰਾ ਭਾਈਕਾ ਲਈ ਪੋਸਟਮਾਸਟਰ ਪੇਂਡੂ ਡਾਕ ਸੇਵਕ ਦੇ ਅਹੁਦੇ ਲਈ ਅਪਲਾਈ ਕੀਤਾ ਸੀ, ਜਦਕਿ ਜਗਨਦੀਪ ਸਿੰਘ ਵਾਸੀ ਪਿੰਡ ਬੰਗੀ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਬੰਗੀ ਰਾਘੂ ਬ੍ਰਾਂਚ, ਰਾਏਕੇ ਕਲਾਂ, ਰਾਏਪੁਰ, ਰਾਜਗੜ੍ਹ ਕੁੱਬੇ, ਬੰਗੀ ਰੁਲਦੂ ਤੇ ਪਥਰਾਲਾ ਵਿਚ ਬ੍ਰਾਂਚ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ ਲਈ ਆਨਲਾਈਨ ਅਪਲਾਈ ਕੀਤਾ ਸੀ। ਜਿਸ ਤੋਂ ਬਾਅਦ ਜਗਨਦੀਪ ਸਿੰਘ ਨੂੰ ਸਹਾਇਕ ਬ੍ਰਾਂਚ ਪੋਸਟ ਮਾਸਟਰ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ ਲਈ ਪਿੰਡ ਬੰਗੀ ਰਘੂ ਅਤੇ ਜੰਟਾ ਸਿੰਘ ਨੂੰ ਬ੍ਰਾਂਚ ਪੋਸਟਮਾਸਟਰ ਭਗਵਾਨਗੜ੍ਹ ਵਜੋਂ ਚੁਣਿਆ ਗਿਆ ਸੀ। ਡਾਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋਵਾਂ ਉਮੀਦਵਾਰਾਂ ਨੂੰ 30 ਜੂਨ ਨੂੰ ਸੁਪਰਡੈਂਟ ਦਫ਼ਤਰ ਬਠਿੰਡਾ ਵਿਖੇ ਆਪਣੇ ਅਸਲ ਸਰਟੀਫਿਕੇਟ ਤਸਦੀਕ ਕਰਵਾ ਕੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਉਕਤ ਉਮੀਦਵਾਰਾਂ ਵੱਲੋਂ ਸਰਟੀਫਿਕੇਟ ਜਮ੍ਹਾਂ ਕਰਾਉਣ ਤੋਂ ਬਾਅਦ 21 ਜੁਲਾਈ 2022 ਨੂੰ ਜੁਆਇਨਿੰਗ ਲੈਟਰ ਜਾਰੀ ਕੀਤੇ ਗਏ ਸਨ। ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਜਾਂਚ ਰਿਪੋਰਟ ਅਤੇ ਡਾਕ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਜੰਟਾ ਰਾਮ ਅਤੇ ਜਗਨਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।

Back to top button