ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਦਾ ਨਾਂ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਦਰਜ ਹੈ। ਹਾਲਾਂਕਿ ਚੰਨੀ ਟਿਕਟ ਮਿਲਣ ਤੋਂ ਪਹਿਲਾਂ ਹੀ ਇੱਥੇ ਕਾਫੀ ਐਕਟਿਵ ਸਨ। ਫਿਲਹਾਲ ਉਹ ਇਸ ਸੀਟ ਤੇ ਆਪਣੇ ਲਈ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ।
ਉਨ੍ਹਾਂ ਦਾ ਇਕ ਹੋਰ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ 10 ਮਈ ਨੂੰ ਨਾਮਜ਼ਦਗੀ ਭਰਨ ਵੇਲ੍ਹੇ ਉਨ੍ਹਾਂ ਦੀ ਮੁਲਾਕਾਤ ਅਕਾਲੀ ਆਗੂ ਜਾਗੀਰ ਕੌਰ ਨਾਲ ਹੋਈ ਸੀ। ਇਸ ਦਾ ਵੀਡੀਓ ਵਾਇਰਲ ਹੋਇਆ, ਜਿਸ ਚ ਦਾਅਵਾ ਕੀਤਾ ਗਿਆ ਕਿ ਚਰਨਜੀਤ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਬਦਸਲੂਕੀ ਕੀਤੀ ਹੈ। ਜਿਸ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਡੀਜੀਪੀ, ਪੰਜਾਬ ਨੂੰ 24 ਘੰਟਿਆਂ ਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਜਾਗੀਰ ਕੌਰ ਵੱਲੋਂ ਬਦਸਲੂਕੀ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਮਾਮਲਾ ਠੰਡਾ ਪੈਂਦਾ ਨਜ਼ਰ ਆ ਰਿਹਾ ਹੈ।
ਚੰਨੀ ਦਾ ਜਨਮ 1 ਮਾਰਚ 1963 ਨੂੰ ਚਮਕੌਰ ਸਾਹਿਬ ਦੇ ਪਿੰਡ ਮਕਰਾਨਾ ਕਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਹਰਸ਼ਾ ਸਿੰਘ ਹੈ ਅਤੇ ਮਾਤਾ ਦਾ ਨਾਂ ਅਜਮੇਰ ਕੌਰ ਹੈ। ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵਿੱਚ ਚਾਰ ਭਰਾ ਹਨ। ਦੱਸਿਆ ਜਾਂਦਾ ਹੈ ਕਿ ਅਰਬ ਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਖਰੜ ਵਿੱਚ ਟੈਂਟ ਹਾਊਸ ਦਾ ਕੰਮ ਸ਼ੁਰੂ ਕੀਤਾ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਖੁਦ ਆਪਣੇ ਪਿਤਾ ਨਾਲ ਕੰਮ ‘ਤੇ ਜਾਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੋਈ।
ਚਰਨਜੀਤ ਚੰਨੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਹਰਸ਼ਾ ਸਿੰਘ ਨੇ ਆਪਣੇ ਪਰਿਵਾਰ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਬਹੁਤ ਸੰਘਰਸ਼ ਕੀਤਾ, ਜਿਸ ਲਈ ਉਹ ਮਲੇਸ਼ੀਆ ਵੀ ਗਏ। ਉਨ੍ਹਾਂ ਨੇ ਸਖਤ ਮਿਹਨਤ ਕੀਤੀ। ਮਲੇਸ਼ੀਆ ਤੋਂ ਪਰਤਣ ਤੋਂ ਬਾਅਦ ਚੰਨੀ ਦੇ ਪਿਤਾ ਨੇ ਖਰੜ ਸ਼ਹਿਰ ਵਿੱਚ ਟੈਂਟ ਹਾਊਸ ਦਾ ਕਾਰੋਬਾਰ ਸ਼ੁਰੂ ਕੀਤਾ। ਚੰਨੀ ਆਪਣੇ ਟੈਂਟ ਹਾਊਸ ਵਿੱਚ ਆਪਣੇ ਪਿਤਾ ਦੀ ਮਦਦ ਕਰਦੇ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਤਾਂ ਉਨ੍ਹਾਂ ਨੇ ਘਨੌਲੀ ਵਿੱਚ ਪੈਟਰੋਲ ਪੰਪ ਖੋਲ੍ਹਿਆ। ਚੰਨੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਖਰੜ ਨਗਰ ਕੌਂਸਲ ਵਿੱਚ ਕੌਂਸਲਰ ਦੀ ਚੋਣ ਲੜ ਕੇ ਕੀਤੀ ਅਤੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਤਤਕਾਲੀ ਮੰਤਰੀ ਹਰਨੇਕ ਸਿੰਘ ਘੰਡੂਆ ਨੇ ਕਿਸੇ ਹੋਰ ਨੂੰ ਨਗਰ ਕੌਂਸਲ ਪ੍ਰਧਾਨ ਨਿਯੁਕਤ ਕੀਤਾ ਸੀ ਪਰ ਪੰਜ ਸਾਲ ਬਾਅਦ ਚੰਨੀ ਪ੍ਰਧਾਨ ਬਣ ਗਏ। ਉਹ ਦੋ ਵਾਰ ਨਗਰ ਕੌਂਸਲ ਦੇ ਚੇਅਰਮੈਨ ਰਹੇ। ਇਸ ਤੋਂ ਬਾਅਦ ਚੰਨੀ ਨੇ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ
ਚੰਨੀ ਦੀ ਪਤਨੀ ਕਮਲਜੀਤ ਕੌਰ ਡਾਕਟਰ ਹਨ। ਇਸ ਜੋੜੇ ਦੇ ਦੋ ਪੁੱਤਰ ਹਨ ਜਿਨ੍ਹਾਂ ਚੋਂ ਵੱਡੇ ਪੁੱਤਰ ਦਾ ਵਿਆਹ ਚੰਨੀ ਦੇ ਮੁੱਖ ਮੰਤਰੀ ਹੋਣ ਵੇਲੇ ਹੋਇਆ ਸੀ। ਚੋਣ ਹਲਫ਼ਨਾਮੇ (2017) ਅਨੁਸਾਰ ਉਹ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ/ਬੀਏ ਵੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਸੀ ਅਤੇ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੈ।
ਚਰਨਜੀਤ ਸਿੰਘ ਨੇ ਚੰਨੀ ਨਗਰ ਪਾਲਿਕਾ ਚੋਣਾਂ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਖਰੜ ਨਗਰ ਕੌਂਸਲ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਉਹ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਵੀ ਚੁਣੇ ਗਏ। ਦਿਲਚਸਪ ਗੱਲ ਇਹ ਹੈ ਕਿ ਚੰਨੀ ਨੇ 2007 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਤੋਂ ਟਿਕਟ ਮੰਗੀ ਸੀ, ਪਰ ਟਿਕਟ ਨਹੀਂ ਮਿਲੀ ਸੀ। ਇਸ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਜਿੱਤੇ। ਕੁਝ ਸਮਾਂ ਅਕਾਲੀ ਦਲ ਨਾਲ ਵੀ ਜੁੜੇ ਰਹੇ।
ਪੰਜਾਬ ਵਿਧਾਨ ਸਭਾ ਦੀਆਂ ਆਜ਼ਾਦ ਚੋਣਾਂ ਜਿੱਤਣ ਤੋਂ ਬਾਅਦ ਚੰਨੀ ਦਾ ਸਿਆਸੀ ਕੱਦ ਲਗਾਤਾਰ ਵਧਣ ਲੱਗਾ। ਸਾਲ 2010 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਿਵਾਈ ਅਤੇ 2012 ਦੀਆਂ ਚੋਣਾਂ ਵਿੱਚ ਚਮਕੌਰ ਸਾਹਿਬ ਤੋਂ ਟਿਕਟ ਦਿੱਤੀ। ਚੰਨੀ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰਦਿਆਂ ਅਕਾਲੀ ਦਲ ਦੀ ਜਗਮੀਤ ਕੌਰ ਨੂੰ ਵੱਡੇ ਫਰਕ ਨਾਲ ਹਰਾਇਆ। ਚੰਨੀ 2015-16 ਦਰਮਿਆਨ ਕਰੀਬ ਇੱਕ ਸਾਲ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ। 2017 ਵਿੱਚ ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਚੱਕਮੌਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਦਾਖਲ ਕੀਤੀ ਅਤੇ ਦਸ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।