




ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਰੋਪੜ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਵੀਆਈਪੀ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਰਿਪੋਰਟ ਵਿੱਚ ਸਾਬਕਾ ਜੇਲ੍ਹ ਮੰਤਰੀ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਦੀ ਦਿੱਲੀ ਨਾਲ ਸਿਆਸੀ ਸਾਂਝ ਦੀ ਗੱਲ ਕਹੀ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਨੂੰ ਸੌਂਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਖਤਾਰ ਅੰਸਾਰੀ ਸਿਰਫ਼ ਨਾਮ ਦੇ ਲਈ ਹੀ ਜੇਲ੍ਹ ਵਿੱਚ ਬੰਦ ਸੀ , ਜਦੋਂਕਿ ਉਹ ਰੋਪੜ ਜੇਲ੍ਹ ਵਿੱਚ ਅਫ਼ਸਰ ਕੁਆਰਟਰਾਂ ਵਿੱਚ ਪੂਰੀਆਂ ਸਹੂਲਤਾਂ ਨਾਲ ਰਹਿੰਦਾ ਰਿਹਾ ਹੈ। ਉੱਥੇ ਉਸ ਦੀ ਪਤਨੀ ਵੀ ਅਕਸਰ ਆਉਂਦੀ ਰਹਿੰਦੀ ਸੀ। ਹਾਲਾਂਕਿ ਜੇਲ ਮੰਤਰੀ ਬੈਂਸ ਨੇ ਆਪਣੀ ਰਿਪੋਰਟ ਜਨਤਕ ਨਹੀਂ ਕੀਤੀ ਪਰ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ‘ਚ ਕਈ ਵੱਡੇ ਚਿਹਰੇ ਬੇਨਕਾਬ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਉੱਚ ਅਧਿਕਾਰ ਕਮੇਟੀ ਦਾ ਗਠਨ ਕੀਤਾ ਹੈ। ਉਸ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ‘ਤੇ ਪੰਜਾਬ ਦੇ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼ ਸੀ। ਉਸ ਨੂੰ ਪੰਜਾਬ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ‘ਤੇ ਮੁਹਾਲੀ ਲਿਆਂਦਾ ਗਿਆ ਸੀ। 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਪਿਛਲੇ ਸਾਲ ਅਪ੍ਰੈਲ ‘ਚ ਉਸ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਜੇਲ੍ਹ ਮੰਤਰੀ ਬੈਂਸ ਨੇ ਗੈਂਗਸਟਰ ਅੰਸਾਰੀ ਨੂੰ ਵੀਵੀਆਈਪੀ ਟਰੀਟਮੈਂਟ ਦੇਣ ਦਾ ਮੁੱਦਾ ਸਦਨ ਵਿੱਚ ਉਠਾਇਆ ਸੀ, ਜਿਸ ਕਾਰਨ ਸਦਨ ਵਿੱਚ ਕਾਂਗਰਸ ਨੇ ਕਾਫੀ ਹੰਗਾਮਾ ਕੀਤਾ ਸੀ।
ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੈਂਸ ਨੂੰ ਸਦਨ ਵਿੱਚ ਚੁਣੌਤੀ ਦਿੱਤੀ ਸੀ ਕਿ ਅੰਸਾਰੀ ਦੀ ਪਤਨੀ ਜੇਲ੍ਹ ਵਿੱਚ ਰਹਿੰਦੀ ਸੀ , ਮੰਤਰੀ ਇਸ ਨੂੰ ਸਾਬਿਤ ਕਰਕੇ ਦਿਖਾਉਣ। ਫਿਰ ਮੰਤਰੀ ਬੈਂਸ ਨੇ ਜਾਂਚ ਤੋਂ ਬਾਅਦ ਸੱਚਾ ਸਾਹਮਣੇ ਆਉਣ ਦਾ ਦਾਅਵਾ ਕੀਤਾ ਸੀ।