politicalPunjab

ਠੱਗ ਏਜੰਟ ਨੇ ਵਰਕ ਪਰਮਿਟ ਦੇ ਨਾਂ ”ਤੇ ਮਾਰੀ ਕਰੋੜਾਂ ਦੀ ਠੱਗੀ

The rogue agent committed a fraud of crores in the name of work permit

ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਹੜਾ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦੇ ਨਾਲ -ਨਾਲ ਯੂਰਪ ਵਿੱਚ ਦਾਖਲ ਹੋਣ ਦਾ ਮੁੱਖ ਦੁਆਰ ਹੈ, ਜਿਸ ਰਾਹੀਂ ਲੋਕ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵੀ ਪਹੁੰਚਣ ਵਿੱਚ ਕਾਮਯਾਬ ਹੁੰਦੇ ਹਨ ਪਰ ਇਸ ਦੇ ਨਾਲ ਹੀ ਇਟਲੀ ਆਉਣ ਦੇ ਚਾਹਵਾਨ ਨੌਜਵਾਨ ਸਭ ਤੋਂ ਵੱਧ ਠੱਗੀ ਦਾ ਸ਼ਿਕਾਰ ਵੀ ਇਟਲੀ ਆਉਣ ਦੇ ਨਾਮ ਉੱਤੇ ਹੀ ਹੁੰਦੇ ਹਨ।

ਹਰ ਸਾਲ ਜਦੋਂ ਇਟਲੀ ਦੇ ਪੇਪਰ ਖੁੱਲ੍ਹਦੇ ਹਨ ਤਾਂ ਇਟਲੀ ਦੇ ਕਈ ਅਖੌਤੀ ਠੱਗ ਏਜੰਟ, ਲੋਕਾਂ ਦੀ ਦੋਨਾਂ ਹੱਥਾਂ ਨਾਲ ਲੁੱਟ ਕਰਕੇ ਰਫ਼ੂ ਚੱਕਰ ਹੋ ਜਾਂਦੇ ਹਨ ਤੇ ਵਿਚਾਰੇ ਲੁੱਟ ਹੋਏ ਨੌਜਵਾਨਾਂ ਨੂੰ ਆਪਣੇ ਨਾਲ ਹੋਈ ਲੁੱਟ ਦਾ ਉਂਦੋ ਪਤਾ ਲਗਦਾ ਹੈ ਜਦੋਂ ਠੱਗ ਏਜੰਟ ਛੂਅ ਮੰਤਰ ਹੋ ਜਾਂਦਾ ਹੈ। ਹਾਲ ਹੀ ਵਿੱਚ ਇਟਲੀ ਦੇ ਨਾਮ ‘ਤੇ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨਾਲ ਕਰੋੜਾਂ ਦੀ ਇਟਲੀ ਦੇ ਇੱਕ ਠੱਗ ਏਜੰਟ ਵੱਲੋਂ ਠੱਗੀ ਮਾਰਨ ਦਾ ਮਾਮਲਾ ਦੇਖਣ ਸਾਹਮਣੇ ਆਇਆ ਹੈ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਕੋਲ ਪਹੁੰਚੀ ਐਫ.ਆਰ.ਆਰ. ਨੰਬਰ 0004 ਥਾਣਾ ਫਤਿਹਗੜ੍ਹ ਸਾਹਿਬ ਅਨੁਸਾਰ ਇਟਲੀ ਰਹਿਣ ਬਸੇਰਾ ਕਰਦੇ ਕਥਿਤ ਦੋਸ਼ੀ ਜਸਦੇਵ ਸਿੰਘ ਢੀਂਡਸਾ ਉਰਫ਼ ਭੋਲਾ ਇਟਲੀ ਵਾਲਾ, ਪੁੱਤਰ ਅਜਮੇਰ ਸਿੰਘ ਢੀਂਡਸਾ ਵਾਸੀ ਮਕਾਨ ਨੰਬਰ 2064 ਸੈਕਟਰ 66, ਐੱਸ.ਏ.ਐੱਸ ਨਗਰ ਹਾਲ ਵਾਸੀ ਚੁੰਨੀ ਰੋਡ ਸ਼ਮਸ਼ੇਰ ਨਗਰ ਫਤਿਹਗੜ੍ਹ ਸਾਹਿਬ ਨੇ  ਆਪਣੇ ਸਾਥੀਆਂ ਨਾਲ ਰਲ ਪੰਜਾਬ ਦੇ ਬੇਰੁਜਗਾਰ ਮਜ਼ਬੂਰ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸਿ਼ਕਾਰ ਬਣਾਇਆ ਹੈ।

ਇਟਲੀ ਵਾਲੇ ਭੋਲੇ ਦੇ ਨਾਮ ਨਾਲ ਜਾਣੇ ਜਾਂਦੇ ਸ਼ਖ਼ਸ ਨੇ ਬੀਤੇ ਸਾਲ 2023 ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਰਾਜਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਮਕਾਨ ਨੰ: 3750, ਗਲੀ ਨੰਬਰ 8, ਬਾਬਾ ਦੀਪ ਸਿੰਘ ਨਗਰ ਸਾਹਮਣੇ ਟਰਾਂਸਪੋਰਟ ਨਗਰ ਲੁਧਿਆਣਾ ਦੇ ਰਿਸ਼ਤੇਦਾਰਾਂ ਤੋਂ ਇਟਲੀ ਦੇ ਵਰਕ ਪਰਮਿਟ ਵਾਲੇ ਪੇਪਰ ਦੇਣ ਲਈ 34 ਲੱਖ ਰੁਪੲੈ ਲੈ ਕੇ ਨਕਲੀ ਪੇਪਰ ਦੇ ਦਿੱਤੇ। ਇਸ ਤਰ੍ਹਾਂ ਹੀ ਭੋਲੇ ਇਟਲੀ ਵਾਲੇ ਨੇ ਸੁਖਵਿੰਦਰ ਸਿੰਘ ਤੋਂ 7 ਲੱਖ, ਗੁਰਪ੍ਰਕਾਸ਼ ਸਿੰਘ ਤੋਂ 5 ਲੱਖ, ਸੰਦੀਪ ਸਿੰਘ ਤੋਂ 8 ਲੱਖ, ਬਖਸੀਸ ਸਿੰਘ ਤੋਂ 13 ਲੱਖ, ਲਵਪ੍ਰੀਤ ਸਿੰਘ ਤੋਂ 13 ਲੱਖ, ਇੰਦਰਪ੍ਰੀਤ ਸਿੰਘ 8 ਲੱਖ, ਪਿੰਡ ਸਾਹਨੇਵਾਲ ਦੇ ਕਿਸਾਨ ਤੋਂ 11 ਲੱਖ, ਪਿੰਡ ਗਿੱਲ ਵਾਸੀ ਤੋਂ 13 ਲੱਖ, ਮਨਿੰਦਰ ਕੁਮਾਰ ਆਦਿ ਤੋਂ 8 ਲੱਖ ਇਟਲੀ ਦੇ ਪੇਪਰਾਂ ਦੇ ਨਾਮ ਉੱਤੇ ਠੱਗ ਲਏ।

ਇਸ ਠੱਗੀ ਸੰਬਧੀ ਬੇਸ਼ੱਕ ਕਿ ਪੀੜਤ ਨੌਜਵਾਨਾਂ ਨੇ ਸੰਬਧਤ ਥਾਣਿਆਂ ਵਿੱਚ ਆਪਣੇ ਨਾਲ ਜਸਦੇਵ ਸਿੰਘ ਢੀਂਡਸਾ ਵੱਲੋਂ ਕੀਤੀ 420 ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ ਤੇ ਪੁਲਸ ਬਹੁਤ ਹੀ ਬਾਰੀਕੀ ਨਾਲ ਸਾਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਪਰ ਹੁਣ ਤੱਕ ਭੋਲੇ ਇਟਲੀ ਵਾਲੇ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਉਹ ਇਟਲੀ ਹੈ ਜਾਂ ਭਾਰਤ ਕਿਉਂਕਿ ਭੋਲੇ ਨੇ ਠੱਗੀ ਦੇ ਸਾਰੇ ਪੈਸੇ ਆਪ ਹੀ ਭਾਰਤ ਜਾਕੇ ਹੱਥੀ ਲਏ ਜਿਸ ਦੀਆਂ ਕੁਝ ਵੀਡਿਓ ਵੀ ਪ੍ਰੈੱਸ ਕਲੱਬ ਨੂੰ ਮਿਲੀਆਂ ਹਨ ਜਿਸ ਵਿੱਚ ਭੋਲਾ ਇਟਲੀ ਵਾਲਾ ਕੈਸ਼ ਲੈਂਦਾ ਦਿਖਾਈ ਦੇ ਰਿਹਾ ਹੈ। ਇਟਲੀ ਵਿੱਚ ਵੀ ਜਿਹਨਾਂ ਕੋਲੋਂ ਭੋਲੇ ਨੇ ਹਜ਼ਾਰਾ ਯੂਰੋ ਲਏ ਉਸ ਦੀ ਵੀਡਿਓ ਵੀ ਸਾਹਮਣੇ ਆਈ ਹੈ।

ਰਾਜਵਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਭੈਣ ਇਟਲੀ ਰਹਿੰਦੀ ਹੈ ਜਿਸ ਦੀ ਸੱਸ ਪਰਮਿੰਦਰ ਕੌਰ, ਜਿਸ ਨੇ ਉਸ ਨੂੰ ਜਸਦੇਵ ਸਿੰਘ ਢੀਂਡਸਾ ਦਾ ਨੰਬਰ ਦਿੱਤਾ, ਉਸ ਪਰਮਿੰਦਰ ਕੌਰ ਨਾਲ ਜਦੋਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦਾ ਇਟਲੀ ਵਿੱਚ ਖਾਣੇ ਦੀ ਸਪਲਾਈ ਦਾ ਕਾਰੋਬਾਰ ਹੈ ਤੇ ਭੋਲਾ ਉਹਨਾਂ ਕੋਲ ਅਕਸਰ ਆਉਂਦਾ ਜਾਂਦਾ ਸੀ ਉਸ ਨੇ ਇਟਲੀ ਪਰਮਿੰਦਰ ਕੌਰ ਨੂੰ ਦੱਸਿਆ ਕਿ ਉਹ ਇਟਲੀ ਦੇ ਪੱਕੇ ਪੇਪਰ ਵੀ ਭਰਦਾ ਸੀ। ਫਿਰ ਕੀ ਵਿਚਾਰੀ ਪਰਮਿੰਦਰ ਕੌਰ ਭੋਲੇ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਭੋਲੇ ਦਾ ਨੰਬਰ ਦੇ ਦਿੱਤਾ ਪਰ ਪਰਮਿੰਦਰ ਕੌਰ ਨੇ ਕਿਸੇ ਕੋਲੋ ਇੱਕ ਪੈਸਾ ਵੀ ਨਹੀਂ ਲਿਆ। ਇਸ ਹੋਈ ਠੱਗੀ ਦਾ ਉਸ ਨੂੰ ਬੇਹੱਦ ਅਫ਼ਸੋਸ ਹੈ। ਦੂਜੇ ਪਾਸੇ ਲੁੱਟ ਦਾ ਸ਼ਿਕਾਰ ਹੋਏ ਲੋਕ ਰੋਣ ਹਾਕੇ ਹੋ ਜਸਦੇਸ ਸਿੰਘ ਢੀਂਡਸਾ ਨੂੰ ਲੱਭ ਰਹੇ ਹਨ। ਉਸ ਦੇ ਘਰ ਅੱਗੇ ਧਰਨਾ ਦੇ ਰਹੇ ਹਨ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੀ ਲੁੱਟ ਹੋਏ ਨੌਜਵਾਨਾਂ ਨੂੰ ਹੱਕ ਲੈ ਕੇ ਦੇਣ ਲਈ ਸੜਕਾਂ ਉਪੱਰ ਉੱਤਰੀਆਂ ਹਨ।

ਜਸਦੇਵ ਸਿੰਘ ਢੀਂਡਸਾ ਉਸ ਇਲਾਕੇ ਨਾਲ ਸੰਬਧਤ ਹੈ ਜਿਸ ਨੂੰ ਗੁਰੂ ਸਾਹਿਬ ਦੀ ਧਰਤੀ ਕਿਹਾ ਜਾਂਦਾ ਹੈ। ਇਸ ਧਰਤੀ ਦੇ ਬੰਦੇ ਨੇ ਪੰਜਾਬ ਦੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ ਜਦੋਂ ਇਹ ਗੱਲ ਇਟਲੀ ਦੀ ਪੰਜਾਬਣ ਪਿੰਦਰਜੀਤ ਕੌਰ ਨੂੰ ਪਤਾ ਲੱਗੀ ਤਾਂ ਉਸ ਤੋਂ ਵੀ ਰਿਹਾ ਨਾ ਗਿਆ ਕਿ ਇਹ ਬੰਦਾ ਇਟਲੀ ਦੇ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਹੈ। ਇਸ ਗੱਲ ਤੋਂ ਦੁੱਖੀ ਪਿੰਦਰਜੀਤ ਕੌਰ ਨੇ ਇਟਲੀ ਦੀ ਪੁਲਸ ਕੋਲ ਵੀ ਜਸਦੇਵ ਸਿੰਘ ਢੀਂਡਸਾ ਦੀ ਇਸ ਸਾਰੀ ਠੱਗੀ ਦੀ ਐੱਫ਼.ਆਈ.ਆਰ. ਦਰਜ ਕਰਵਾ ਦਿੱਤੀ ਹੈ।

Back to top button