ਅੱਜ-ਕੱਲ੍ਹ ਰੰਗਲੇ ਪੰਜਾਬ ਦੇ ਲੋੜਵੰਦ ਪਰਿਵਾਰ ਦੋ ਡੰਗ ਦੀ ਰੋਟੀ ਤੇ 5-5 ਕਿੱਲੋ ਆਟਾ ਲੈਣ ਲਈ ਲਾਇਨਾਂ ਵਿੱਚ ਲੱਗੇ ਹੋਏ ਹਨ। ਜਿਸ ਵਿੱਚ ਬਜ਼ੁਰਗ, ਮਾਵਾਂ, ਧੀਆਂ ਇਸ ਆਟੇ ਖਾਤਰ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਜਾਂਦੀਆਂ ਹਨ ਤੇ ਉਨ੍ਹਾਂ ਦੀ ਵਾਰੀ ਸ਼ਾਮ ਤੱਕ ਹੀ ਮਸਾਂ ਆ ਪਾਉਂਦੀ ਹੈ। ਇਸ ਸਬੰਧੀ ਵੱਖ-ਵੱਖ ਖਪਤਕਾਰਾਂ ਨੇ ਦੱਸਿਆ, ਕਿ ਰਾਜਨੀਤਿਕ ਆਗੂਆਂ ਨੇ ਰੰਗਲੇ ਪੰਜਾਬ ਨੂੰ ਮੰਗਤਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅੱਜ ਤੋਂ 15 ਕੁ ਸਾਲ ਪਹਿਲਾਂ ਰਾਸ਼ਨ ਕਾਰਡ ਧਾਰਕ ਨੂੰ ਕਣਕ,ਦਾਲ, ਤੇਲ ਘੀ ਆਦਿ ਡਿਪੂਆਂ ਤੋਂ ਮਿਲਦਾ ਸੀ। ਉਸ ਤੋਂ ਬਾਅਦ ਸਿਰਫ ਤੇਲ ਅਤੇ ਕਣਕ ਰਹਿ ਗਈ।
ਇੱਥੇ ਹੀ ਬੱਸ ਨਹੀਂ ਉਸ ਤੋਂ ਬਾਅਦ ਸਿਰਫ ਕਣਕ ਵੀ ਛੇ ਮਹੀਨਿਆਂ ਬਾਅਦ ਹੀ ਮਸਾ ਖਪਤਕਾਰਾਂ ਤੱਕ ਪਹੁੰਚਦੀ ਸੀ। ਹੁਣ ਉਹ ਵੀ ਬੰਦ ਹੁੰਦੀ ਦਿਸ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਦਿੱਲੀ ਦੀ ਤਰਜ਼ ਤੇ ਘਰ ਘਰ ਆਟਾ ਵੰਡਣ ਦੀ ਸ਼ੁਰੂਆਤ ਤਾਂ ਕਰ ਦਿੱਤੀ, ਪਰ ਹੁਣ ਅਜੇ ਤੱਕ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਕਿਸੇ ਦੇ ਘਰ ਤੱਕ ਆਟਾ ਨਹੀਂ ਪਹੁੰਚਿਆ, ਸਗੋਂ ਲੋੜਵੰਦ ਖਪਤਕਾਰ ਸਵੇਰੇ ਹੀ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਦੀ ਤਨਖਾਹ ਲੈਣ ਵਾਲਿਆਂ ਦੇ ਹੁਕਮਾਂ ਅਨੁਸਾਰ ਗੁਰੂ ਘਰ ਜਾ ਧਰਮਸ਼ਾਲਾ ਵਿੱਚ ਲਾਈਨਾਂ ‘ਚ ਆ ਖਲੋਦੇ ਹਨ। ਜਦੋਂ ਕਿ ਪੰਜਾਬ ਸਰਕਾਰ ਨੇ ਘਰ ਘਰ ਆਟਾ ਪਹੁੰਚਾਉਣ ਲਈ 640 ਕਰੋੜ ਰੁਪਏ ਦਾ ਬਜਟ ਵੀ ਪਾਸ ਕੀਤਾ ਹੋਇਆ ਹੈ। ਲਾਈਨਾਂ ਵਿੱਚ ਖਲੋਣ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਸ਼ਾਮ ਤੱਕ ਮਸਾ ਹੀ ਪੰਜ 10 ਜਾਂ 15 ਕਿਲੋ ਆਟਾ ਮਿਲਦਾ ਹੈ।ਕੀ ਇਹ ਹੀ ਰੰਗਲਾ ਪੰਜਾਬ ਹੈ ।