India

ਦੇਸ਼ ਦੇ 29 ਮੁੱਖ ਮੰਤਰੀ ਕਰੋੜਪਤੀ; ਸਭ ਤੋਂ ਅਮੀਰ ਇਹ ਨੇ ਮੁੱਖ ਮੰਤਰੀ

ਸੋਸੀਏਸ਼ਨ ਆਫ਼ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਚੋਣ ਹਲਫ਼ਨਾਮਿਆਂ ਦੇ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੇਸ਼ ਦੇ ਮੌਜੂਦਾ 29 ਮੁੱਖ ਮੰਤਰੀ ਕਰੋੜਪਤੀ ਹਨ। ਇਨ੍ਹਾਂ ਵਿੱਚੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਕੋਲ ਸਭ ਤੋਂ ਵੱਧ 510 ਕਰੋੜ ਰੁਪਏ ਦੀ ਜਾਇਦਾਦ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲ ਸਭ ਤੋਂ ਘੱਟ 15 ਲੱਖ ਰੁਪਏ ਦੀ ਜਾਇਦਾਦ ਹੈ, ਜਦਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਇਸੇ ਤਰ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਕ੍ਰਮਵਾਰ 3-3 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

ਏਡੀਆਰ ਅਤੇ ਇਲੈਕਸ਼ਨ ਵਾਚ (ਐੱਨਈਡਬਲਿਊ) ਅਨੁਸਾਰ ਇਹ ਹਲਫਨਾਮੇ ਸੂਬਿਆਂ ਦੇ 28 ਮੁੱਖ ਮੰਤਰੀਆਂ ਅਤੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਦਿੱਲੀ ਤੇ ਪੁਡੂਚੇਰੀ) ਦੇ ਮੁੱਖ ਮੰਤਰੀਆਂ ਵੱਲੋਂ ਦਾਇਰ ਕੀਤੇ ਗਏ ਹਨ। ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਮੌਜੂਦਾ ਸਮੇਂ ਕੋਈ ਮੁੱਖ ਮੰਤਰੀ ਨਹੀਂ ਹੈ। ਵੇਰਵਿਆਂ ਅਨੁਸਾਰ ਕੁੱਲ 30 ਮੁੱਖ ਮੰਤਰੀਆਂ ਵਿੱਚੋਂ 29 ਮੁੱਖ ਮੰਤਰੀ (97 ਫੀਸਦ) ਕਰੋੜਪਤੀ ਹਨ ਜਿਨ੍ਹਾਂ ਦੀ ਔਸਤਨ ਜਾਇਦਾਦ 33.96 ਕਰੋੜ ਰੁਪਏ ਹੈ। ਜਾਇਦਾਦ ਦੇ ਮਾਮਲੇ ਵਿੱਚ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਜਗਨਮੋਹਨ ਰੈੱਡੀ ਸਿਖਰ ‘ਤੇ ਹੈ ਜਿਸ ਕੋਲ 510 ਕਰੋੜ ਦੀ ਜਾਇਦਾਦ ਹੈ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਕੋਲ 163 ਕਰੋੜ ਰੁਪਏ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਕੋਲ 63 ਕਰੋੜ ਤੋਂ ਵੱਧ ਦੀ ਜਾਇਦਾਦ ਹੈ।

Leave a Reply

Your email address will not be published.

Back to top button