ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ 21 ਫਰਵਰੀ ਨੂੰ ਪੁਲਿਸ ਨਾਲ ਝੜਪ ‘ਚ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਸਬੰਧੀ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਆਈਪੀਐਸ ਦੀ ਧਾਰਾ 302 (ਕਤਲ) ਤੇ 114 ਤਹਿਤ ਕੇਸ ਦਰਜ ਕਰ ਲਿਆ ਹੈ। ਉਂਝ ਇਸ ਐਫਆਈਆਰ ਵਿੱਚ ਕਿਸੇ ਨੂੰ ਨਾਮਜਦ ਨਹੀਂ ਕੀਤਾ। ਪੰਜਾਬ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਦਬਾਅ ਮਗਰੋਂ ਦਰਜ ਕੀਤੀ ਹੈ।
ਇਹ ਖਬਰ ਵੀ ਪੜ੍ਹੋ :ਮੌਜੂਦਾ ਕਾਂਗਰਸੀ ਕੌਂਸਲਰ ਸਮੇਤ ਜੂਆ ਖੇਡਦੇ 14 ਵਿਅਕਤੀ ਗ੍ਰਿਫਤਾਰ
ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਘਟਨਾ ਵਾਲੇ ਦਿਨ ਦੀਆਂ ਫੋਟੋਆਂ ਤੇ ਵੀਡੀਓਜ਼ ਇਕੱਠੀਆਂ ਕਰੇਗੀ। ਇਸ ਦੇ ਆਧਾਰ ‘ਤੇ ਮਾਮਲੇ ‘ਚ ਮੁਲਜ਼ਮ ਨਾਮਜਦ ਕੀਤੇ ਜਾਣਗੇ। ਇਹ ਮਾਮਲਾ ਪਟਿਆਲਾ ਦੇ ਪਾਤੜਾਂ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਦੇਰ ਰਾਤ ਨਿਊਰੋ ਸਰਜਨ ਸਮੇਤ 5 ਡਾਕਟਰਾਂ ਦੇ ਬੋਰਡ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਸ਼ੁਭਕਰਨ ਦੀ ਦੇਹ ਦਾ ਪੋਸਟਮਾਰਟਮ ਕੀਤਾ। ਪੂਰੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਖਨੌਰੀ ਬਾਰਡਰ ਵਿਖੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸ਼ੁਭਕਰਨ ਦਾ ਅੰਤਿਮ ਸੰਸਕਾਰ ਬਠਿੰਡਾ ਦੇ ਪਿੰਡ ਬੱਲੋ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।