
Posters of Akali-BJP alliance start appearing in Punjab
ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਭਾਵੇਂ ਅਜੇ ਤੱਕ ਦੋਵਾਂ ਧਿਰਾਂ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਪਰ ਅੰਮ੍ਰਿਤਸਰ ਵਿਚ ਗਠਜੋੜ ਦੀ ਝਲਕ ਵਾਲੇ ਪੋਸਟਰ ਜ਼ਰੂਰ ਲੱਗ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਭਾਜਪਾ ਅਤੇ ਅਕਾਲੀ ਦਲ ਵੱਲੋਂ ਸਾਂਝੇ ਤੌਰ ‘ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ। ਕਿਸਾਨ ਅੰਦੋਲਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੋਸਟਰ ਵਿਚ ਅਕਾਲੀ-ਭਾਜਪਾ ਲੀਡਰ ਇਕੱਠੇ ਨਜ਼ਰ ਆਏ ਹਨ। ਪੋਸਟਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਤਰੁਣ ਚੁੱਘ, ਸੁਨੀਲ ਜਾਖੜ ਭਾਜਪਾ ਦੇ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਹਨ। ਪੋਸਟਰ ‘ਤੇ ਨੌਜਵਾਨ ਆਗੂ ਮਨਸੀਰਤ ਸਿੰਘ ਦਾ ਨਾਮ ਹੈ ਅਤੇ ਆਖਿਆ ਜਾ ਰਿਹਾ ਹੈ ਕਿ ਪੋਸਟਰ ਵੀ ਉਸੇ ਵੱਲੋਂ ਲਗਾਏ ਗਏ ਹਨ। ਹਾਲਾਂਕਿ ਦੋਵਾਂ ਧਿਰਾਂ (ਅਕਾਲੀ-ਭਾਜਪਾ) ਵੱਲੋਂ ਗਠਜੋੜ ਸੰਬੰਧੀ ਫਿਲਹਾਲ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇਸ ਪੋਸਟਰ ਨੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ।
ਹਾਲਾਂਕਿ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਖੁੱਲ੍ਹੇ ਤੌਰ ‘ਤੇ ਦੋਵਾਂ ਧਿਰਾਂ ਵਿਚਾਲੇ ਗਠਜੋੜ ਦੀ ਵਕਾਲਤ ਕਰਦੇ ਰਹੇ ਹਨ ਪਰ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਨੰਗਲ ਵਿਖੇ ਇਕ ਸਮਾਗਮ ਦੌਰਾਨ ਇਹ ਸਾਫ ਕਰ ਦਿੱਤਾ ਸੀ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ।










