
ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਇੱਕ ਵਾਰ ਫਿਰ ਤੋਂ ਰਾਤੋ-ਰਾਤ ਹੀ ਬਦਲ ਗਿਆ ਹੈ। ਤੇਜ਼ ਹਵਾਵਾਂ ਦੇ ਨਾਲ-ਨਾਲ ਕਈ ਥਾਵਾਂ ‘ਤੇ ਹਲਕੀ ਅਤੇ ਭਾਰੀ ਬਾਰਿਸ਼ ਹੋਈ ਹੈ ਅਤੇ ਗੜੇ ਵੀ ਪਏ ਹਨ। ਇਸ ਵੇਲੇ ਕਣਕ ਦੀ ਫਸਲ ਪੱਕ ਕੇ ਤਿਆਰ ਹੈ। ਅਜਿਹੇ ਮੌਸਮ ਨਾਲ ਕਣਕਾਂ ਦਾ ਕਾਫੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਮੌਸਮ ਵਿਭਾਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਯੈਲੋ-ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮਾਨਸਾ ਅਤੇ ਸੰਗਰੂਰ ਵਿੱਚ ਯੈਲੋ ਅਲਰਟ ਅਤੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੈ। ਵਿਭਾਗ ਅਨੁਸਾਰ ਇਸ ਦੌਰਾਨ ਗੜੇਮਾਰੀ, ਬਿਜਲੀ ਚਮਕਣ, 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਤੂਫ਼ਾਨ ਅਤੇ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਵੈਸਟਰਨ ਡਿਸਟਰਬੈਂਸ ਜਨਵਰੀ ਤੋਂ ਬਾਅਦ ਹੁਣ ਇੱਕ ਵਾਰ ਫੇਰ ਸਰਗਰਮ ਹੋਇਆ ਹੈ। 31 ਮਾਰਚ ਤੱਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਸਾਫ਼ ਰਹੇਗਾ।