




ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ (ਡਬਲਯੂਡੀ) ਦੇ ਸਰਗਰਮ ਹੋਣ ਕਾਰਨ ਪਿਛਲੇ 36 ਘੰਟਿਆਂ ਤੋਂ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮਲੇਰਕੋਟਲਾ ‘ਚ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਰਹੇਗਾ।
ਖ਼ਰਾਬ ਮੌਸਮ ਕਾਰਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੱਤ ਉਡਾਣਾਂ ਰੱਦ ਕਰਨੀਆਂ ਪਈਆਂ। ਜਦੋਂ ਕਿ 31 ਉਡਾਣਾਂ ਨਿਰਧਾਰਿਤ ਸਮੇਂ ਤੋਂ ਲੇਟ ਸਨ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਰਾਕੇਸ਼ ਸਹਾਏ ਨੇ ਦੱਸਿਆ ਕਿ ਘੱਟ ਵਿਜ਼ੀਬਿਲਟੀ ਕਾਰਨ ਬਾਲੀ ਦੀਆਂ ਉਡਾਣਾਂ ਸਵੇਰੇ ਰੱਦ ਰਹੀਆਂ। ਦਿਨ ਦੀਆਂ ਕੁਝ ਉਡਾਣਾਂ ਦੇਰੀ ਨਾਲ ਉੱਡੀਆਂ।
ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਦਿੱਲੀ, ਮੁੰਬਈ, ਜੈਪੁਰ ਅਤੇ ਲਖਨਊ ਤੋਂ ਉਡਾਣਾਂ ਸ਼ਾਮਲ ਸਨ ਅਤੇ ਦੇਰੀ ਵਾਲੀਆਂ ਉਡਾਣਾਂ ਵਿੱਚ ਹੈਦਰਾਬਾਦ, ਦਿੱਲੀ, ਲਖਨਊ, ਚੇਨਈ, ਬੈਂਗਲੁਰੂ, ਮੁੰਬਈ, ਗੋਆ, ਜੈਪੁਰ, ਸ਼੍ਰੀਨਗਰ, ਅਹਿਮਦਾਬਾਦ ਅਤੇ ਕੋਲਕਾਤਾ ਦੀਆਂ ਉਡਾਣਾਂ ਸ਼ਾਮਲ ਸਨ। ਵਿਜ਼ੀਬਿਲਟੀ ਘੱਟ ਹੋਣ ਕਾਰਨ ਅੱਜ ਵੀ ਸਵੇਰੇ 7 ਵਜੇ ਤੱਕ ਕੋਈ ਫਲਾਈਟ ਨਹੀਂ ਉਡਾਈ ਗਈ।