ਪੰਜਾਬ ‘ਚ ਮੁੜ ਵੱਜਿਆ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਚੋਣ ਬਿਗੁਲ!
Municipal Corporation and Municipal Council elections have been held again in Punjab. The election bugle has sounded!





ਹੁਣ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਚੋਣ ਕਮਿਸ਼ਨ ਨੇ ਇਸ ਲਈ ਤਿਆਰੀ ਖਿੱਚ ਦਿੱਤੀ ਹੈ। ਇਸ ਤਰ੍ਹਾਂ ਸਿਆਲ ਵਿੱਚ ਵੀ ਚੋਣਾਂ ਕਰਕੇ ਪੰਜਾਬ ਦਾ ਸਿਆਸੀ ਪਾਰ ਚੜ੍ਹਿਆ ਰਹੇਗਾ। ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਸੱਤਾ ਧਿਰ ਲਈ ਬੇਹੱਦ ਅਹਿਮ ਹਨ ਕਿਉਂਕਿ ਇਸ ਵੇਲੇ ਬਹੁਤੇ ਸ਼ਹਿਰਾਂ ਦਾ ਪ੍ਰਬੰਧ ਰਵਾਇਤੀ ਪਾਰਟੀਆਂ ਦੇ ਹੱਥ ਹੀ ਹੈ।
ਦਰਅਸਲ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਰਾਜ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ 5 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਫਗਵਾੜਾ ਤੇ 43 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸੋਧ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਵੋਟਰ ਸੂਚੀ 14 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਤੇ 18 ਨਵੰਬਰ ਤੋਂ 25 ਨਵੰਬਰ ਤੱਕ ਦਾਅਵੇ ਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ। ਦਾਅਵਿਆਂ ਤੇ ਇਤਰਾਜ਼ਾਂ ਦਾ ਨਿਬੇੜਾ 3 ਦਸੰਬਰ ਤੱਕ ਕੀਤਾ ਜਾਵੇਗਾ ਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ ਨੂੰ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮੌਜੂਦਾ ਵੋਟਰ ਸੂਚੀਆਂ ਨੂੰ ਨਗਰ ਪਾਲਿਕਾਵਾਂ ਵਿੱਚ ਜਨਤਕ ਕਰਨ। ਸੋਧ ਲਈ ਅਨੁਸੂਚੀ ਦੇ ਅਨੁਸਾਰ, ਪੰਜਾਬ ਮਿਉਂਸਪਲ ਚੋਣ ਨਿਯਮ, 1994 ਦੇ ਨਿਯਮ 14 ਤਹਿਤ ਕੋਈ ਵੀ ਯੋਗ ਵਿਅਕਤੀ ਫਾਰਮ ਨੰਬਰ 7 (ਨਾਮ ਜੋੜਨ ਲਈ ਦਾਅਵੇ ਲਈ), ਫਾਰਮ 8 (ਨਾਮ ਜੋੜਨ ਲਈ ਇਤਰਾਜ਼ ਲਈ) ਤੇ ਫਾਰਮ 9 (ਕਿਸੇ ਵੀ ਵਿਵਰਨ ਉਪਰ ਇਤਰਾਜ਼ ਲਈ) ਦੁਆਰਾ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਫਾਰਮ ਨੰਬਰ 7, 8 ਤੇ 9 ਚੋਣ ਕਮਿਸ਼ਨ ਦੀ ਵੈੱਬਸਾਈਟ www.sec.punjab.gov.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਵੋਟਰ ਵਜੋਂ ਰਜਿਸਟਰ ਹੋਣ ਲਈ, ਬਿਨੈਕਾਰ ਦੀ ਯੋਗਤਾ ਮਿਤੀ ‘ਤੇ 18 ਸਾਲ ਦੀ ਉਮਰ ਹੋਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰਾਂ ਨੂੰ 20 ਤੇ 21 ਨਵੰਬਰ ਨੂੰ ਸਬੰਧਤ ਨਗਰ ਪਾਲਿਕਾਵਾਂ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਦਾਅਵੇ ਤੇ ਇਤਰਾਜ਼ (ਫਾਰਮ 7, 8 ਤੇ 9 ਵਿੱਚ) ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਇਛੁੱਕ ਤੇ ਯੋਗ ਉਮੀਦਵਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਦਾਅਵਿਆਂ ਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਆਪਣੇ-ਆਪਣੇ ਨਗਰ ਪਾਲਿਕਾ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ।