ਕੈਪਟਨ ਅਮਰਿੰਦਰ ਸਿੰਘ ਰੈਲੀ ਵਿੱਚ ਨਹੀਂ ! ਕਾਂਗਰਸ ਨੇ ਦੇਸ਼ ਦੀ ਅਜਿਹੀ ਵੰਡ ਕੀਤੀ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ‘ਚ ਰਹਿ ਗਿਆ- PM
ਪਟਿਆਲਾ ਦੇ ਪੋਲੋ ਗਰਾਉਂਡ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀ ਦੇ ਗੱਠਜੋੜ I.N.D.I.A. ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਦਿਨ ਵਿਚ ਕਈ ਵਾਰ ਝੂਠ ਬੋਲ ਦਿੰਦੇ ਹਨ ਅਜਿਹੇ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ।
ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੰਮ ਕੀਤਾ ਹੈ। ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ 30-30 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲਾਂ ਵਿੱਚ ਸਰਕਾਰ ਵੱਲੋਂ ਘੱਟੋਂ ਘੱਟ ਸਮਰਥਨ ਮੁੱਲ ਤੇ ਰਿਕਾਰਡ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਰਜ਼ੇ ਤੇ ਚੱਲ ਰਹੀ ਹੈ ਜਦੋਂਕਿ ਪੰਜਾਬ ਦੇ ਕਾਗਜੀ ਮੁੱਖ ਮੰਤਰੀ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਤੋਂ ਵੇਹਲ ਨਹੀਂ ਹੈ। ਉਹ ਪੰਜਾਬ ਦਾ ਭਲਾ ਕਿਵੇਂ ਕਰ ਸਕਣਗੇ। ਉਹਨਾਂ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਚੱਲਦਾ ਹੈ।
ਰੈਲੀ ਦੌਰਾਨ ਨਰੇਂਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚੋਂ ਫੈਕਟਰੀ ਦੂਜੇ ਸੂਬਿਆਂ ਵਿੱਚ ਜਾ ਰਹੀਆਂ ਹਨ। ਪੰਜਾਬ ਵਿੱਚ ਨਸ਼ੇ ਅਤੇ ਡਰੱਗਸ ਦਾ ਵਪਾਰ ਹੁੰਦਾ ਹੈ। ਪਰ ਉਹ ਕੱਟੜ ਭ੍ਰਿਸ਼ਟਾਚਾਰੀ ਪੰਜਾਬ ਦੇ ਲਈ ਕਦੇ ਚੰਗੇ ਫੈਸਲੇ ਨਹੀਂ ਲੈ ਸਕਦੇ।
ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਉਹਨਾਂ ਦਾ ਖੂਨ ਦਾ ਰਿਸ਼ਤਾ ਹੈ। ਜਾਮਨਗਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹੈ ਪਰ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਣ ਨਹੀਂ ਦਿੱਤੀ ਗਈ। ਮੋਦੀ ਵੋਟਾਂ ਲਈ ਅਜਿਹਾ ਨਹੀਂ ਕਰ ਰਿਹਾ ਸਗੋਂ ਮੋਦੀ ਅੰਦਰ ਗੁਰੂਆਂ ਦੀ ਸ਼ਹਾਦਤ ਲਈ ਸ਼ਰਧਾ ਹੈ।
1971 ਦੀ ਜੰਗ ਤੋਂ ਬਾਅਦ ਉਸ ਵੇਲੇ ਦੀ ਸਰਕਾਰ ਕਰਤਾਰਪੁਰ ਨੂੰ ਭਾਰਤ ਵਿੱਚ ਸਾਮਿਲ ਕਰ ਸਕਦੀ ਸੀ ਕਿਉਂਕਿ ਅਸੀਂ ਪਾਕਿਸਤਾਨ ਦੇ ਹਜ਼ਾਰਾਂ ਹੀ ਸੈਨਿਕਾਂ ਨੂੰ ਬੰਦੀ ਬਣਾ ਲਿਆ ਸੀ। ਜੇਕਰ ਅਸੀਂ ਕੋਈ ਸ਼ਰਤ ਰੱਖਦੇ ਤਾਂ ਉਹ ਪਾਕਿਸਤਾਨ ਨੂੰ ਮੰਨਣੀ ਪੈਣੀ ਸੀ।ਪਰ ਉਸ ਵੇਲੇ ਦੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਸੰਗਤਾਂ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਸਨ। ਪਰ ਜਦੋਂ ਸਾਡੀ ਸਰਕਾਰ ਆਈ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਹੁਣ ਤੁਸੀਂ ਸਰਹੱਦ ਪਾਰ ਜਾਕੇ ਗੁਰੂਘਰ ਦੇ ਦਰਸ਼ਨ ਕਰ ਸਕਦੇ ਹੋ।
ਉਹਨਾਂ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਸਮਰਪਿਤ ਕਰਦੇ ਹੋਏ ਕੌਮੀ ਪੱਧਰ ਤੇ ਵੀਰ- ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਤਾਂ ਜੋ ਦੇਸ਼ ਦੇ ਹਰ ਬੱਚੇ ਦੇ ਮਨ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਹੋਵੇ। ਪਰ ਪੰਜਾਬ ਦੇ ਲੋਕ ਬਾਲ ਵੀਰ ਦਿਵਸ ਦੀ ਅਹਿਮੀਅਤ ਨੂੰ ਨਹੀਂ ਸਮਝ ਸਕੇ।
ਪਟਿਆਲਾ ਵਿੱਚ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਹੰਗਾਮਾ ਹੋ ਗਿਆ ਹੈ। ਰੈਲੀ ਦਾ ਵਿਰੋਧ ਕਰਨ ਲਈ ਪਟਿਆਲਾ ਆ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਘੇਰ ਲਿਆ। ਕਿਸਾਨ ਰਾਜਪੁਰਾ ਵਾਲੇ ਪਾਸੇ ਤੋਂ ਪਟਿਆਲਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਅਤੇ ਕਿਸਾਨ ਰੈਲੀ ਦਾ ਵਿਰੋਧ ਕਰਨ ਤੇ ਅੜੇ ਹੋਏ ਹਨ, ਜਦਕਿ ਪੁਲਿਸ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਰਹੀ ਸੀ।