1 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਦੇ ਫਰਜ਼ੀ ਮਾਮਲੇ ‘ਚ 2 ਵਿਅਕਤੀਆਂ ਨੂੰ ਫਸਾਉਣ ਦੇ ਮਾਮਲੇ ‘ਚ ਫਿਰੋਜ਼ਪੁਰ ਨਾਰਕੋਟਿਕਸ ਸੈੱਲ ਦੇ ਭਗੌੜੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਰਾਜਸਥਾਨ ਦੀ ਝਾਲਾਵਾੜ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸਿਰ ‘ਤੇ ਪੱਗ ਬੰਨ੍ਹਣ ਵਾਲੇ ਇੰਸਪੈਕਟਰ ਨੇ ਕੇਸ ਦਰਜ ਹੋਣ ਤੋਂ ਬਾਅਦ ਆਪਣਾ ਭੇਸ ਬਦਲ ਲਿਆ ਸੀ।
ਪੰਜਾਬ ਪੁਲਿਸ ਦੇ ਇਨਪੁਟ ‘ਤੇ ਪੁਲਿਸ ਨੇ ਮੱਧ ਪ੍ਰਦੇਸ਼ ਬਾਰਡਰ ‘ਤੇ ਨਾਕਾਬੰਦੀ ਕਰ ਦਿੱਤੀ ਅਤੇ ਦੋਸ਼ੀ ਪੁਲਿਸ ਦੇ ਹੱਥੇ ਚੜ੍ਹ ਗਿਆ। ਉਨ੍ਹਾਂ ਨਾਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਵੀ ਕੀਤੀ, ਜਿਸ ’ਤੇ ਝਾਲਾਵਾੜ ਪੁਲੀਸ ਨੇ ਅਮਨ ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕਰਕੇ ਪੰਜਾਬ ਪੁਲੀਸ ਨੂੰ ਸੂਚਿਤ ਕੀਤਾ। ਸ਼ਨੀਵਾਰ ਨੂੰ ਫਿਰੋਜ਼ਪੁਰ ਪੁਲਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਫ਼ਿਰੋਜ਼ਪੁਰ ਪੁਲੀਸ ਨੇ 3 ਮੁਲਜ਼ਮਾਂ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏਐਸਆਈ ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਸੀ। ਫ਼ਿਰੋਜ਼ਪੁਰ ਪੁਲਿਸ ਨੇ ਭਗੌੜੇ ਏਐਸਆਈ ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਅਤੇ ਇੱਕ ਹੋਰ ਏਐਸਆਈ ਰਾਜਪਾਲ ਸਿੰਘ ਨੂੰ ਊਨਾ (ਐਚਪੀ) ਤੋਂ ਕਾਬੂ ਕਰ ਲਿਆ ਸੀ। ਏਐਸਆਈ ਰਾਜਪਾਲ ਸਿੰਘ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਪੁਲਿਸ ਨੂੰ 2 ਮਹੀਨਿਆਂ ਤੋਂ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਤਲਾਸ਼ ਸੀ।