Punjab

ਪੰਜਾਬ ਪੁਲੀਸ ‘ਚ ਭਰਤੀ ਹੋਏ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ

Protest in front of Chief Minister's residence by the candidates who joined the Punjab Police

ਪੰਜਾਬ ਪੁਲੀਸ ਜ਼ਿਲ੍ਹਾ ਕੇਡਰ-2023 ਭਰਤੀ ਲਈ ਚੁਣੇ ਗਏ ਵੱਖ-ਵੱਖ ਜ਼ਿਲ੍ਹਿਆਂ ਦੇ ਉਮੀਦਵਾਰਾਂ ਨੇ ਨੌਕਰੀ ‘ਤੇ ਜੁਆਇਨ ਕਰਾਉਣ ਦੀ ਮੰਗ ਨੂੰ ਲੈ ਕੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਅਤੇ ਨੌਕਰੀ ‘ਤੇ ਜੁਆਇਨ ਕਰਾਉਣ ‘ਚ ਕੀਤੀ ਜਾ ਰਹੀ ਦੇਰੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।

ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪੁੱਜੇ ਉਮੀਦਵਾਰ ਸਥਾਨਕ ਪਟਿਆਲਾ ਗੇਟ ਰੋਡ ‘ਤੇ ਇਕੱਠੇ ਹੋਏ ਤੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ। ਜਿਉਂ ਹੀ ਪ੍ਰਦਰਸ਼ਨਕਾਰੀ ਉਮੀਦਵਾਰ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਜਿਸ ਕਾਰਨ ਉਹ ਉਥੇ ਹੀ ਧਰਨਾ ਲਾ ਕੇ ਬੈਠ ਗਏ।
ਧਰਨੇ ‘ਚ ਮਹਿਲਾ ਉਮੀਦਵਾਰ ਵੀ ਸ਼ਾਮਲ ਸਨ। ਧਰਨਾ ਦੇ ਰਹੇ ਉਮੀਦਵਾਰ ਨੌਕਰੀ ‘ਤੇ ਜਲਦੀ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਸਨ। ਦੇਰ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਉਮੀਦਵਾਰ ਰੋਸ ਧਰਨੇ ‘ਤੇ ਬੈਠੇ ਸਨ। ਉਮੀਦਵਾਰਾਂ ਨੇ ਹੱਥਾਂ ‘ਚ ਨਾਅਰਿਆਂ ਵਾਲੀਆਂ ਪੋਸਟਰ ਫੜੇ ਹੋਏ ਸਨ। ਰੋਸ ਧਰਨੇ ਦੌਰਾਨ ਉਮੀਦਵਾਰ ਸੋਹਣਜੀਤ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਪੁਨੀਤ ਕੁਮਾਰ ਅਤੇ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਜਨਵਰੀ 2023 ਵਿਚ ਪੰਜਾਬ ਪੁਲੀਸ ਵਿਚ 300 ਸਬ ਇੰਸਪੈਕਟਰਾਂ ਅਤੇ 1800 ਸਿਪਾਹੀਆਂ ਦੀਆਂ ਭਰਤੀ ਅਸਾਮੀਆਂ ਕੱਢੀਆਂ ਗਈਆਂ ਸਨ ਅਤੇ ਸਾਰੇ ਟੈਸਟਾਂ ਤੇ ਹੋਰ ਪ੍ਰਕਿਰਿਆ ਮਗਰੋਂ ਅਕਤੂਬਰ 2023 ਵਿਚ ਫਾਈਨਲ ਨਤੀਜਾ ਐਲਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਚੁਣੇ ਗਏ 1746 ਸਿਪਾਹੀਆਂ ਨੂੰ ਜ਼ਿਲ੍ਹਾ ਕੇਡਰ ਵੀ ਅਲਾਟ ਹੋ ਚੁੱਕਿਆ ਹੈ ਪਰ ਹਾਲੇ ਤੱਕ ਨੌਕਰੀ ‘ਤੇ ਜੁਆਇਨ ਨਹੀਂ ਕਰਵਾਇਆ ਗਿਆ ਜਦੋਂ ਕਿ ਉਸ ਸਾਲ ਦਸੰਬਰ ਮਹੀਨੇ ਜੁਆਇਨ ਕਰਵਾਇਆ ਜਾਣਾ ਸੀ। ਉਮੀਦਵਾਰਾਂ ਨੇ ਕਿਹਾ ਕਿ ਜੁਆਇਨ ਕਰਾਉਣ ਵਿਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਪੰਚਾਇਤ ਚੋਣਾਂ ਆ ਗਈਆਂ, ਹੁਣ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ ਜਦੋਂ ਕਿ ਫਿਰ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਹੈ। ਚੁਣੇ ਗਏ ਉਮੀਦਵਾਰ ਜੁਆਇਨ ਕਰਨ ਦੀ ਉਡੀਕ ‘ਚ ਹਨ। 

Back to top button