ਦਿੱਲੀ ਪੁਲਿਸ ਨੇ ਫਰਜ਼ੀ ਵੀਜ਼ਾ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ, ਇਹ ਫੈਕਟਰੀ ਪਿਛਲੇ ਪੰਜ ਸਾਲਾਂ ਤੋਂ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਚੱਲ ਰਹੀ ਸੀ। ਫੈਕਟਰੀ ਵਿੱਚ ਹੁਣ ਤੱਕ ਚਾਰ ਤੋਂ ਪੰਜ ਹਜ਼ਾਰ ਜਾਅਲੀ ਵੀਜ਼ੇ ਬਣ ਚੁੱਕੇ ਹਨ। ਮਤਲਬ ਚਾਰ ਤੋਂ ਪੰਜ ਹਜ਼ਾਰ ਲੋਕ ਫਰਜ਼ੀ ਵੀਜ਼ਿਆਂ ‘ਤੇ ਵਿਦੇਸ਼ ਗਏ ਹਨ। ਇਸ ਤਰ੍ਹਾਂ ਗੈਂਗ ਦੇ ਮੈਂਬਰਾਂ ਨੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਡੀਸੀਪੀ ਆਈਜੀਆਈ ਊਸ਼ਾ ਰੰਗਰਾਣੀ ਅਨੁਸਾਰ ਇਸ ਸਾਲ 2 ਸਤੰਬਰ ਨੂੰ ਕੁਰੂਕਸ਼ੇਤਰ ਦਾ ਰਹਿਣ ਵਾਲਾ ਸੰਦੀਪ ਨਾਂ ਦਾ ਵਿਅਕਤੀ ਜਾਅਲੀ ਸਵੀਡਿਸ਼ ਵੀਜ਼ੇ ’ਤੇ ਇਟਲੀ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਸ ਨੂੰ ਇਮੀਗ੍ਰੇਸ਼ਨ ਦੀ ਚੈਕਿੰਗ ਦੌਰਾਨ ਫੜਿਆ ਗਿਆ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਪਿੰਡ ਦੇ ਕਈ ਲੜਕੇ ਇਸੇ ਤਰ੍ਹਾਂ ਦੇ ਵੀਜ਼ੇ ‘ਤੇ ਨੌਕਰੀ ਦੀ ਭਾਲ ‘ਚ ਵਿਦੇਸ਼ ਗਏ ਸਨ। ਉਸ ਨੇ ਇੱਕ ਏਜੰਟ ਆਸਿਫ਼ ਅਲੀ ਰਾਹੀਂ 10 ਲੱਖ ਰੁਪਏ ਵਿੱਚ ਵੀਜ਼ਾ ਹਾਸਲ ਕੀਤਾ ਸੀ।
ਪੁਲਸ ਨੇ ਆਸਿਫ ਅਲੀ ਅਤੇ ਉਸ ਦੇ ਸਾਥੀਆਂ ਸ਼ਿਵਾ ਗੌਤਮ ਅਤੇ ਨਵੀਨ ਰਾਣਾ ਨੂੰ ਗ੍ਰਿਫਤਾਰ ਕਰ ਲਿਆ। ਸ਼ਿਵ ਗੌਤਮ ਨੇ ਪੁੱਛਗਿੱਛ ਦੌਰਾਨ ਏਜੰਟ ਬਲਵੀਰ ਸਿੰਘ ਦਾ ਨਾਂ ਦੱਸਿਆ। ਇਸ ਮਗਰੋਂ ਪੁਲਿਸ ਨੇ ਬਲਬੀਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੇ ਦੱਸਿਆ ਕਿ ਮਨੋਜ ਮੋਂਗਾ ਫਰਜ਼ੀ ਵੀਜ਼ੇ ਤਿਆਰ ਕਰਦਾ ਹੈ, ਤਿਲਕ ਨਗਰ ‘ਚ ਉਸ ਦੀ ਫੈਕਟਰੀ ਹੈ, ਜਿੱਥੇ ਕਈ ਦੇਸ਼ਾਂ ਦੇ ਜਾਅਲੀ ਵੀਜ਼ੇ ਬਣਦੇ ਹਨ।
ਪੁਲਿਸ ਨੇ ਤਿਲਕ ਨਗਰ ਵਿੱਚ ਛਾਪਾ ਮਾਰ ਕੇ ਮਨੋਜ ਮੋਂਗਾ ਨੂੰ ਗ੍ਰਿਫ਼ਤਾਰ ਕਰ ਲਿਆ। ਮਨੋਜ ਮੋਂਗਾ ਨੇ ਗ੍ਰਾਫਿਕਸ ਡਿਜ਼ਾਈਨਿੰਗ ਵਿੱਚ ਡਿਪਲੋਮਾ ਕੀਤਾ। ਕਰੀਬ ਪੰਜ ਸਾਲ ਪਹਿਲਾਂ ਉਸ ਦੀ ਮੁਲਾਕਾਤ ਜੈਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਹੋਈ ਸੀ। ਜੈਦੀਪ ਨੇ ਮਨੋਜ ਨੂੰ ਫਰਜ਼ੀ ਵੀਜ਼ਾ ਬਣਾਉਣ ‘ਚ ਆਪਣੇ ਹੁਨਰ ਦੀ ਵਰਤੋਂ ਕਰਨ ਲਈ ਕਿਹਾ। ਜੈਦੀਪ ਨੇ ਮਨੋਜ ਨੂੰ ਫਰਜ਼ੀ ਵੀਜ਼ਾ ਬਣਾਉਣ ਲਈ ਸਮੱਗਰੀ ਮੁਹੱਈਆ ਕਰਵਾਈ।
ਪੁਲਿਸ ਅਨੁਸਾਰ ਮੁਲਜ਼ਮ ਹਰ ਮਹੀਨੇ 30 ਤੋਂ 60 ਵੀਜ਼ੇ ਤਿਆਰ ਕਰਦੇ ਸਨ। ਉਹ ਸਿਰਫ਼ 20 ਮਿੰਟਾਂ ਵਿੱਚ ਵੀਜ਼ਾ ਸਟਿੱਕਰ ਤਿਆਰ ਕਰ ਸਕਦਾ ਸੀ। ਇੱਕ ਵੀਜ਼ਾ ਬਣਾਉਣ ਲਈ ਅੱਠ ਲੱਖ ਰੁਪਏ ਵਸੂਲੇ ਗਏ। ਮੁਲਜ਼ਮ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਟੈਲੀਗ੍ਰਾਮ, ਸਿਗਨਲ ਅਤੇ ਵਟਸਐਪ ਦੀ ਵਰਤੋਂ ਕਰਦੇ ਸਨ। ਪੁਲਿਸ ਅਨੁਸਾਰ ਇਸ ਸਿੰਡੀਕੇਟ ਦੇ ਹਰ ਥਾਂ ਸਥਾਨਕ ਏਜੰਟ ਹਨ ਜੋ ਵਿਦੇਸ਼ਾਂ ਵਿੱਚ ਨੌਕਰੀਆਂ ਲੈਣ ਵਾਲੇ ਲੋਕਾਂ ਨਾਲ ਸੰਪਰਕ ਕਰਦੇ ਸਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ 18 ਪਾਸਪੋਰਟ, 30 ਜਾਅਲੀ ਵੀਜ਼ੇ ਅਤੇ ਭਾਰੀ ਮਾਤਰਾ ਵਿੱਚ ਵੀਜ਼ਾ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ।