

ਪਾਨੀਪਤ ‘ਚ ਚਾਰ ਬਦਮਾਸ਼ਾਂ ਨੇ ਮਤਲੌਡਾ ਥਾਣੇ ‘ਚ ਪੈਂਦੇ ਇਕ ਪਿੰਡ ‘ਚ ਬੁੱਧਵਾਰ ਦੇਰ ਰਾਤ 11 ਵਜੇ ਤੋਂ ਲੈ ਕੇ ਸਵੇਰੇ ਚਾਰ ਵਜੇ ਤੱਕ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਪਹਿਲਾਂ ਪਿੰਡ ‘ਚ ਮੱਛੀ ਫਾਰਮ ‘ਤੇ ਚੌਕੀਦਾਰ ਦੇ ਪਰਿਵਾਰ ਦੀ ਕੁੱਟਮਾਰ ਕਰ ਕੇ ਲੁੱਟ ਕੀਤੀ ਤੇ ਔਰਤ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਹੀ ਬਦਮਾਸ਼ਾਂ ਨੇ ਦੂਜੇ ਇਲਾਕੇ ‘ਚ ਤਿੰਨ ਪੁਰਸ਼ਾਂ ਤੇ ਬੱਚਿਆਂ ਨੂੰ ਬੰਦੀ ਬਣਾ ਕੇ ਪਰਿਵਾਰ ਦੀਆਂ ਤਿੰਨ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ।
ਇਨ੍ਹਾਂ ’ਚ ਦੋ ਸਕੀਆਂ ਭੈਣਾਂ ਤੇ ਉਨ੍ਹਾਂ ਦੀ ਭਾਬੀ ਸ਼ਾਮਲ ਹੈ।
ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਕ ਬਦਮਾਸ਼ ਨੇ ਮੂੰਹ ’ਤੇ ਰੁਮਾਲ ਬੰਨ੍ਹ ਰੱਖਿਆ ਸੀ। ਬਦਮਾਸ਼ਾਂ ਦੇ ਹੱਥਾਂ ’ਚ ਪਿਸਤੌਲ ਤੇ ਤਲਵਾਰਾਂ ਸਨ। ਸਵੇਰੇ ਪੰਜ ਵਜੇ ਪਿੰਡ ਵਾਲੇ ਖੇਤਾਂ ’ਚ ਪਹੁੰਚੇ ਤਾਂ ਕਮਰੇ ’ਚੋਂ ਚੀਕਾਂ ਦੀ ਆਵਾਜ਼ ਸੁਣ ਕੇ ਟਿਊਬਵੈੱਲ ’ਤੇ ਗਏ। ਇਸ ਤੋਂ ਬਾਅਦ ਥਰਮਲ ਚੌਕੀ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੀੜਤਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਤਿੰਨੋਂ ਔਰਤਾਂ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ। ਐੱਸਪੀ, ਡੀਐੱਸਪੀ ਤੇ ਐੱਫਐੱਸਐੱਲ ਟੀਮ ਵੀ ਘਟਨਾ ਵਾਲੀ ਥਾਂ ’ਤੇ ਪਹੁੰਚੀ। ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਕ ’ਚ ਲੁੱਟਮਾਰ ਕਰ ਕੇ ਹੱਤਿਆ ਤੇ ਦੂਜੇ ’ਚ ਬੰਦੀ ਬਣਾ ਕੇ ਲੁੱਟਮਾਰ ਤੇ ਸਮੂਹਿਕ ਜਬਰ ਜਨਾਹ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।