Punjab

ਬਰਖ਼ਾਸਤ AIG ਰਾਜਜੀਤ ਸਿੰਘ ਦੀ 20 ਕਰੋੜ ਦੀ ਜਾਇਦਾਦ ਡਰੱਗ ਮਾਮਲੇ ‘ਚ ਕੁਰਕ, ਮੁਲਜ਼ਮ ਵਿਦੇਸ਼ ਭੱਜ ਗਿਆ

20 crore property of sacked AIG Rajjit Singh was arrested in the drug case, the accused fled abroad

ਸਪੈਸ਼ਲ ਟਾਸਕ ਫੋਰਸ (STF) ਨੇ ਨਸ਼ਾ ਤਸਕਰੀ ਮਾਮਲੇ ‘ਚ ਭਗੌੜੇ ਪੰਜਾਬ ਪੁਲਿਸ ਦੇ ਬਰਖਾਸਤ ਏ.ਆਈ.ਜੀ. ਰਾਜ ਜੀਤ ਸਿੰਘ ਹੁੰਦਲ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਐਸ.ਟੀ.ਐਫ. ਨੇ ਮੁਲਜ਼ਮ ਰਾਜ ਜੀਤ ਸਿੰਘ ਦੀ 20 ਕਰੋੜ ਰੁਪਏ ਦੀ ਜਾਇਦਾਦ ਦੀ ਸ਼ਨਾਖਤ ਕਰਕੇ ਕੁਰਕ ਕਰ ਲਿਆ ਹੈ। ਵਿਭਾਗ ਦੇ ਸੂਤਰਾਂ ਅਨੁਸਾਰ 20 ਫਰਵਰੀ ਨੂੰ ਐਸ.ਟੀ.ਐਫ. ਦੀ ਜਾਂਚ ਟੀਮ ਇਸ ਮਾਮਲੇ ਵਿਚ ਮੁਲਜ਼ਮਾਂ ਦੀ ਕੁਰਕ ਕੀਤੀ ਜਾਇਦਾਦ ਦੇ ਪੂਰੇ ਵੇਰਵੇ ਕੇਂਦਰੀ ਵਿੱਤ ਮੰਤਰਾਲੇ ਦੀ ਕਮੇਟੀ ਅੱਗੇ ਪੇਸ਼ ਕਰੇਗੀ। 20 ਫਰਵਰੀ ਨੂੰ ਐਸ.ਟੀ.ਐਫ. ਦੀ ਜਾਂਚ ਟੀਮ ਇਸ ਮਾਮਲੇ ਦੀ ਰੀਪੋਰਟ ਪੇਸ਼ ਕਰ ਕੇ ਮੁਲਜ਼ਮਾਂ ਵਿਰੁਧ ਅਗਲੀ ਕਾਰਵਾਈ ਤੈਅ ਕਰੇਗੀ। ਦੂਜੇ ਪਾਸੇ ਵਿਜੀਲੈਂਸ ਦੀ ਰੀਪੋਰਟ ਅਨੁਸਾਰ ਮੁਲਜ਼ਮ ਰਾਜ ਜੀਤ ਸਿੰਘ ਵਿਦੇਸ਼ ਭੱਜ ਗਿਆ ਹੈ।

ਸੂਤਰਾਂ ਅਨੁਸਾਰ ਵਿਜੀਲੈਂਸ ਦਾ ਮੰਨਣਾ ਹੈ ਕਿ ਰਾਜ ਜੀਤ ਇਸ ਸਮੇਂ ਕੈਨੇਡਾ ਵਿਚ ਹੈ। ਪੰਜਾਬ ਪੁਲਿਸ ਦੀ ਵਿਜੀਲੈਂਸ ਨੇ ਇਹ ਜਾਣਕਾਰੀ ਐਨ.ਆਈ.ਏ. ਨੂੰ ਦਿਤੀ ਹੈ ਅਤੇ ਮਦਦ ਵੀ ਮੰਗੀ ਹੈ। ਐਸ.ਟੀ.ਐਫ. ਨੇ ਮੁਲਜ਼ਮ ਰਾਜ ਜੀਤ ਸਿੰਘ ਦੀ ਪਤਨੀ ਦੀ ਮੁਹਾਲੀ ਜਾਇਦਾਦ ਵੀ ਕੁਰਕ ਕਰ ਲਈ ਹੈ। ਇਸ ਦੀ ਕੀਮਤ ਕਰੀਬ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 64ਐਫ ਤਹਿਤ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਬਰਖ਼ਾਸਤ ਏ.ਆਈ.ਜੀ. ਦੀਆਂ ਪੰਜਾਬ ਵਿਚ 9 ਜਾਇਦਾਦਾਂ ਦੀ ਸ਼ਨਾਖਤ ਕਰਕੇ ਕੁਰਕ ਕੀਤਾ ਗਿਆ ਹੈ। ਇਨ੍ਹਾਂ ਵਿਚ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿਚ ਸਾਲ 2013 ਵਿਚ 7 ​​ਕਨਾਲ 40 ਮਰਲੇ ਜ਼ਮੀਨ ਸ਼ਾਮਲ ਹੈ। ਇਸ ਨੂੰ 40 ਲੱਖ ‘ਚ ਖਰੀਦਿਆ ਗਿਆ ਸੀ। ਇਸੇ ਤਰ੍ਹਾਂ 2013 ਵਿਚ ਹੀ ਈਕੋ ਸਿਟੀ, ਨਿਊ ਚੰਡੀਗੜ੍ਹ ਵਿਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ ਸੀ, ਸਾਲ 2013 ਵਿਚ ਈਕੋ ਸਿਟੀ ਵਿਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ ਸੀ, ਜਿਸ ਦੀ ਕੀਮਤ 20 ਲੱਖ ਰੁਪਏ ਸੀ। ਮੁਹਾਲੀ ਦੇ ਸੈਕਟਰ-69 ਵਿਚ ਸਾਲ 2016 ਵਿਚ ਡੇਢ ਕਰੋੜ ਰੁਪਏ ਦਾ 500 ਵਰਗ ਗਜ਼ ਦਾ ਮਕਾਨ, ਮੁਹਾਲੀ ਦੇ ਸੈਕਟਰ-82 ਵਿਚ 733.33 ਵਰਗ ਗਜ਼ ਦਾ ਪਲਾਟ ਸਾਲ 2017 ਵਿਚ 55 ਲੱਖ ਰੁਪਏ ਵਿਚ ਖਰੀਦਿਆ ਗਿਆ ਸੀ। ਐਸ.ਟੀ.ਐਫ. ਨੇ ਇਹ ਸਾਰੀਆਂ ਜਾਇਦਾਦਾਂ ਕੁਰਕ ਕਰ ਲਈਆਂ ਹਨ।

ਜ਼ਿਕਰਯੋਗ ਹੈ ਕਿ ਸਾਲ 2017 ਵਿਚ ਬਰਖ਼ਾਸਤ ਰਾਜ ਜੀਤ ਸਿੰਘ ਹੁੰਦਲ ਦੇ ਸਾਥੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਦੀ ਤਸਕਰੀ ਅਤੇ ਹਥਿਆਰਾਂ ਨਾਲ ਸਬੰਧਤ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੇ ਘਰੋਂ ਤਲਾਸ਼ੀ ਦੌਰਾਨ ਏ.ਕੇ.-47, 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਹੋਏ। ਰਾਜ ਜੀਤ ਸਿੰਘ ਖ਼ਿਲਾਫ਼ ਮਾਰਚ 2023 ਵਿਚ ਬਰਖ਼ਾਸਤ ਇੰਸਪੈਕਟਰ ਦੀ ਮਦਦ ਕਰਨ, ਡਰੱਗ ਰਿਕਵਰੀ ਨਾਲ ਛੇੜਛਾੜ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਇਥੋਂ ਤਕ ਕਿ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏ.ਆਈ.ਜੀ. ਰਾਜ ਜੀਤ ਸਿੰਘ 2012 ਤੋਂ 2017 ਤਕ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ਵਿਚ ਇਕੱਠੇ ਤਾਇਨਾਤ ਰਹੇ।

Back to top button