ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣ ਦੇ ਮਾਮਲੇ ‘ਤੇ ਮਹਿਲਾ ਕਮਿਸ਼ਨ ਨੇ ਸਖ਼ਤ ਐਕਸ਼ਨ ਲਿਆ ਹੈ ,ਓਥੇ ਹੀ ਹੁਣ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ‘ਤੇ ਕਈ ਚੈਨਲਾਂ ਤੇ ਹੋਰ ਲੋਕਾਂ ਵੱਲੋਂ ਉਸ ਵੀਡੀਓ ਨੂੰ ਜਾਣਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ,10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀਆਂ ਆਗੂਆਂ ਨਾਲ ਕਾਗਜ਼ ਦਾਖ਼ਲ ਕਰਵਾਉਣ ਲਈ ਜਾ ਰਹੇ ਸਨ। ਆਹਮੋ-ਸਾਹਮਣੇ ਹੋਣ `ਤੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹ ਬੁਲਾਈ।
ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁਕ ਕੇ ਫਤਿਹ ਸਾਂਝੀ ਕੀਤੀ ਤੇ ਉਵੇਂ ਹੀ ਝੁਕਿਆ ਹੋਇਆ ਮੇਰੇ ਦੋਵੇ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ। ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ। ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ ਪਰ ਦੁੱਖ ਦੀ ਗੱਲ ਹੈ ਕਿ ਸ਼ੋਸ਼ਲ ਮੀਡੀਆ ‘ਤੇ ਕਈ ਚੈਨਲਾਂ ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ,ਜਿਸ ਵਿੱਚੋਂ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁਕ ਕੇ ਪ੍ਰਗਟਾਏ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਿਹੀ ਕਲਿਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੂਲ ਦਿੱਤਾ ।
ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਿਆ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤ ਪੂਰਨ ਸੀ ਤੇ ਇਹ ਮੇਰੇ ਲਈ,ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਅਤੇ ਕਸ਼ਟਦਾਇਕ ਹੈ।