ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਵੱਲੋਂ ਲੁਧਿਆਣਾ ਤੋਂ ਟਿਕਟ ਮਿਲਣ ਦੀ ਖੁਸ਼ੀ ਦਾ ਉਨ੍ਹਾਂ ਦੀ ਪਤਨੀ ‘ਤੇ ਅਜਿਹਾ ਨਸ਼ਾ ਛਾਇਆ ਕਿ ਸਿੱਖ ਕੌਮ ‘ਚ ਵੱਡੇ ਪੱਧਰ ‘ਤੇ ਰੋਸ ਪਾਇਆ ਜਾ ਰਿਹਾ ਹੈ। ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਗੁਰੂ ਨਾਨਕ ਦੇਵ ਜੀ ਦੇ ਪੰਜੇ ਤੁਲਨਾ ਕਾਂਗਰਸ ਦੇ ਪੰਜੇ ਨਾਲ ਕਰ ਦਿੱਤੀ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਅੰਮ੍ਰਿਤਾ ਵੜਿੰਗ ਦੀ ਇਹ ਵੀਡੀਓ ਚੋਣ ਪ੍ਰਚਾਰ ਦੌਰਾਨ ਇੱਕ ਮੀਟਿੰਗ ਦੀ ਹੈ, ਜਿਸ ‘ਚ ਉਹ ਲੋਕਾਂ ਨੂੰ ਕਾਂਗਰਸ ਲਈ ਵੋਟ ਪਾਉਣ ਦੀ ਅਪੀਲ ਕਰਦੀ ਵਿਖਾਈ ਦੇ ਰਹੀ ਹੈ। ਇਸ ਦੌਰਾਨ ਉਹ ਕਹਿੰਦੀ ਹੈ, ”ਤੁਹਾਡੀ ਵੋਟ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ।ਕਿਉਂਕਿ ਇਹ ਜਿੰਨੇ ਗੁਰੂ ਹਨ..ਜਿੰਨੇ ਗੁਰੂ ਹਨ ਹਰੇਕ ਦਾ ਪੰਜਾ ਹੀ ਸੀ, ਹਰੇਕ ਗੁੁਰੂ ਦਾ।”
ਰਾਜਾ ਵੜਿੰਗ ਦੀ ਧਰਮਪਤਨੀ ਨੇ ਇਸ ਦੌਰਾਨ ਕਾਂਗਰਸੀ ਵਰਕਰਾਂ ਨੂੰ ਹੱਥ ਨਾਲ ਐਕਸ਼ਨ ਕਰਕੇ ਪੰਜਾ ਬਣਾ ਕੇ ਵਿਖਾਇਆ। ਉਨ੍ਹਾਂ ਨੇ ਅੱਗੇ ਕਿਹਾ, ”ਜੇਕਰ ਤੁਸੀ ਗੁਰੂਆਂ ਦੀਆਂ ਫ਼ੋਟੋਆਂ ਕੱਢ ਕੇ ਵੇਖੋ ਤਾਂ ਹਰੇਕ ਗੁਰੂਆਂ ਦਾ ਮਹਾਂਵੀਰ ਜੀ ਦਾ, ਗੁਰੂ ਨਾਨਕ ਦੇਵ ਸਾਹਿਬ ਗੁਰੂਆਂ ਦਾ ਨਿਸ਼ਾਨ ਪੰਜਾ ਹੋਇਆ ਕਰਦਾ ਸੀ। ਇਸ ਲਈ ਜੇਕਰ ਕਾਂਗਰਸ ਪਾਰਟੀ ਨੇ ਜੇ ਪੰਜਾ ਚੁਣਿਆ ਤਾਂ ਗੁਰੂਆਂ ਕਰਕੇ ਚੁਣਿਆ ਤੇ ਅੱਜ ਉਹ ਗੁਰੂਆਂ ਦੇ ਉਸ ਪੰਜੇ ਲਈ ਵੋਟ ਮੰਗਣ ਆਈ ਹਾਂ।”