ਪੀਡਬਲਿਊਡੀ ਰੈਸਟ ਹਾਊਸ ਦੇ ਇੱਕ ਕਮਰੇ ਅੰਦਰ ਬੈਠੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਤਿਨ ਵਾਲੀਆ ਨੇ ਇੱਕ ਹੋਰ ਆਗੂ ਦੀਪ ਮਹਿਰਾ ਦੇ ਥੱਪੜ ਜੜ ਦਿੱਤਾ ਅਤੇ ਦੋਵੇਂ ਇੱਕ-ਦੂਜੇ ਨਾਲ ਹੱਥੋਪਾਈ ਹੋਣ ਲੱਗੇ। ਇਹ ਘਟਨਾ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਕਮਰੇ ਦੇ ਬਾਹਰ ਪੰਡਾਲ ਵਿੱਚ ਪਾਰਟੀ ਵਾਲੰਟੀਅਰਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ।
ਹੱਥੋਪਾਈ ਹੁੰਦੇ-ਹੁੰਦੇ ਜਤਿਨ ਵਾਲੀਆ ਤੇ ਦੀਪ ਮਹਿਰਾ ਕਮਰੇ ਤੋਂ ਬਾਹਰ ਆ ਗਏ ਅਤੇ ਸਮਾਗਮ ਵਿੱਚ ਸ਼ੈਰੀ ਕਲਸੀ ਨੂੰ ਸਾਰੀ ਘਟਨਾ ਬਾਰੇ ਦੱਸਣ ਲੱਗ ਪਏ, ਉੱਥੇ ਫਿਰ ਦੋਵੇਂ ਆਪਸ ਵਿੱਚ ਉਲਝ ਗਏ। ਹਾਲਾਂਕਿ ਸ਼ੈਰੀ ਕਲਸੀ ਨੇ ਮਾਮਲੇ ਨੂੰ ਇਹ ਕਹਿ ਕੇ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦ ਪਰਿਵਾਰ ਵੱਡਾ ਹੋ ਜਾਵੇ ਤਾਂ ਭਾਂਡੇ ਖੜਕਦੇ ਹੀ ਰਹਿੰਦੇ ਹਨ ਅਤੇ ਉਹ ਸਮੱਸਿਆਵਾਂ ਹੱਲ ਕਰਨ ਵਿੱਚ ਰੁੱਝੇ ਰਹੇ।
ਰਾਜਸੀ ਮਹਿਰਾਂ ਨੇ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਵੀ ਗੁੱਟਬੰਦੀ ਉਭਰਨੀ ਸ਼ੁਰੂ ਹੋ ਗਈ ਹੈ ਅਤੇ ਇਹ ਵੀ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵਾਂਗ ਖਿੰਡ ਜਾਵੇਗੀ।