politicalPunjab

ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਡੋਲਣ ਲੱਗੀ ਸਿਆਸੀ ਤੁਫਾਨਾਂ ਦੀ ਘੁੰਮਣਘੇਰੀ ‘ਚ

ਜੇ ਬੀਬੀ ਜਗੀਰ ਕੌਰ ਪ੍ਰਧਾਨਗੀ ਦੀ ਚੋਣ ‘ਚ ਪਛੜ ਗਏ ਤਾਂ ਉਨ੍ਹਾਂ ਦੇ ਭਵਿੱਖ ‘ਤੇ ਲਗ ਜਾਵੇਗਾ ਸਵਾਲੀਆ ਚਿਨ੍ਹ!

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲਗਾਤਾਰ ਦੋ ਵਾਰ ਨਿਰਾਸ਼ਾਜਨਕ ਹਾਰ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਤੋਂ ਪਹਿਲਾਂ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਕਈ ਹੋਰ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਦਾ ਝੰਡਾ ਤਾਂ ਚੁੱਕ ਲਿਆ ਸੀ ਪਰ ਸਰਗਰਮੀਆਂ ਵਿੱਚ ਵਿਚਾਲੇ ਹੀ ਦਮ ਤੋੜ ਗਈਆ ਸਨ। ਸੁਖਬੀਰ ਸਿੰਘ ਬਾਦਲ ਲਈ ਅਸਲ ਚੁਣੌਤੀਆਂ ਦਾ ਦੌਰ ਪ੍ਰਕਾਸ਼ ਸਿੰਘ ਬਾਦਲ ਦੇ ਸਰਗਰਮ ਸਿਆਸਤ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਸ਼ੁਰੂ ਹੋਇਆ। ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਤੁਫਾਨਾਂ ਦੀ ਘੁੰਮਣਘੇਰੀ ਵਿੱਚ ਫਸ ਕੇ ਬੁਰੀ ਤਰ੍ਹਾਂ ਡੋਲਣ ਲੱਗੀ ਹੈ। ਅਕਾਲੀ ਦਲ ਬਾਦਲ ਦੇ ਸਿਆਸੀ ਹਾਸ਼ੀਏ ਤੋਂ ਬਾਹਰ ਚਲੇ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਵੀ ਹੱਥੋਂ ਨਿਕਲ ਗਈ ਲੱਗਦੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸਭ ਤੋਂ ਵੱਡਾ ਨਿਘਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਆਇਆ ਹੈ। ਉਨ੍ਹਾਂ ਦੇ ਪਿਤਾ ਅਤੇ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਆਪਣੀ ਮੁੱਠੀ ਵਿਚ ਘੁੱਟ ਕੇ ਰੱਖਿਆ ਸੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਗਰਮ ਲੋਹੇ ‘ਤੇ ਸੱਟ ਮਾਰਦਿਆਂ ਪਰਧਾਨ ਦੀ ਚੋਣ ਲਿਫਾਫਾ ਕਲਚਰ ਵਿਚੋਂ ਨਿਕਲਣ ਦੀ ਪਿਰਤ ਬੰਦ ਕਰਨ ਦੀ ਮੰਗ ਕਰ ਲਈ ਹੈ। ਇੱਥੇ ਹੀ ਨਹੀਂ ਉਨ੍ਹਾਂ ਨੇ ਪ੍ਰਧਾਨਗੀ ਲਈ ਦਾਅਵਾ ਵੀ ਪੇਸ਼ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਬੀਬੀ ਦੇ ਬੋਝੇ ਵਿਚ 40 ਤੋਂ 50 ਮੈਂਬਰ ਪੈ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਵਿਚੋਂ 160 ਬਾਦਲ ਗਰੁੱਪ ਦੇ ਕੋਟੇ ਵਿਚੋਂ ਜਿੱਤੇ ਸਨ। ਮੈਂਬਰਾਂ ਦੀ ਟੁੱਟ-ਭੱਜ ਦੇ ਹਿਸਾਬ ਨਾਲ ਬਾਦਲਾਂ ਲਈ ਵੱਡਾ ਸੰਕਟ ਤਾਂ ਖੜ੍ਹਾ ਨਹੀਂ ਹੋ ਰਿਹਾ ਪਰ ਪਾਰਟੀ ਅੰਦਰ ਮੁੜ ਤੋਂ ਉੱਠੀ ਬਗ਼ਾਵਤ ਨੇ ਬਾਦਲਾਂ ਨੂੰ ਕੰਬਣੀ ਜ਼ਰੂਰ ਛੇੜ ਰੱਖੀ ਹੈ। ਇਹੋ ਵਜ੍ਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਦੋ ਵਾਰ ਆਪਣੇ ਬੰਦੇ ਭੇਜੇ ਹਨ। ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਆਪਣੀ ਇੱਛਾ ਦੱਸ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਬੀਬੀ ਜਗੀਰ ਕੌਰ ਨੇ ਵੱਡੇ ਬਾਦਲ ਕੋਲ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਦੀਆਂ ਸ਼ਿਕਾਇਤਾਂ ਵੀ ਲਾਈਆਂ ਸਨ। ਸੂਤਰ ਇਹ ਵੀ ਦਾਅਵਾ ਕਰਦੇ ਹਨ ਤੇ ਵੱਡੇ ਬਾਦਲ ਨੇ ਆਪਣੀ ਆਦਤ ਮੁਤਾਬਿਕ ਮੂੰਹ ਨਹੀਂ ਖੋਲ੍ਹਿਆ ਹੈ। ਦੱਸ ਦਈਏ ਕਿ ਬੀਬੀ ਜਗੀਰ ਕੌਰ ਇਸ ਤੋਂ ਪਹਿਲਾਂ ਬਾਦਲਾਂ ਦੇ ਲਿਫਾਫੇ ਵਿਚੋਂ ਸ਼੍ਰੋਮਣੀ ਕਮੇਟੀ ਦੇ ਚਾਰ ਵਾਰ ਪ੍ਰਧਾਨ ਬਣੇ ਸਨ। ਸ਼੍ਰੋਮਣੀ ਅਕਾਲੀ ਦਲ ਦਾ ਹਾਲੇ ਤਕ ਦੁਆਬੇ ਵਿੱਚ ਆਧਾਰ ਮਜ਼ਬੂਤ ਨਹੀਂ ਹੋ ਸਕਿਆ ਹੈ । ਜੇ ਬੀਬੀ ਜਗੀਰ ਕੌਰ ਬਗਾਵਤ ਕਰਕੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਦੇ ਹਨ ਤਾਂ ਬਾਦਲਾਂ ਨੂੰ ਦੁਆਬੇ ਵਿੱਚ ਹੋਰ ਮਾਰ ਪੈ ਸਕਦੀ ਹੈ। ਬੀਬੀ ਜਗੀਰ ਕੌਰ ਜੇ ਪ੍ਰਧਾਨਗੀ ਦੀ ਚੋਣ ਵਿੱਚ ਪਛੜ ਜਾਂਦੇ ਹਨ ਤਾਂ ਉਨ੍ਹਾਂ ਦੇ ਭਵਿੱਖ ਉੱਤੇ ਵੀ ਸਵਾਲ ਲੱਗ ਜਾਂਦਾ ਹੈ।
ਸੂਤਰਾਂ ਮੁਤਾਬਿਕ ਬਾਦਲ ਪਰਿਵਾਰ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਤੋਂ ਮੌਕਾ ਦੇਣਾ ਚਾਹੁੰਦਾ ਹੈ। ਚਾਹੇ ਉਨ੍ਹਾਂ ਦੇ ਨਾਂ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਪਰ ਐਡਵੋਕੇਟ ਧਾਮੀ ਦੀਆਂ ਪਿਛਲੇ ਸਮੇਂ ਤੋਂ ਵਧੀਆ ਸਰਗਰਮੀਆਂ ਦੱਸਦੀਆਂ ਹਨ ਕਿ ਉਹ ਮੁੜ ਤੋਂ ਮੈਦਾਨ ਵਿਚ ਨਿੱਤਰ ਸਕਦੇ ਹਨ। ਐਡਵੋਕੇਟ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਤੋਂ ਰੂਹ ਫੂਕਣ ਲਈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੂਰੇ ਜੋਰ ਸ਼ੋਰ ਨਾਲ ਚੁੱਕਿਆ ਸੀ। ਹੁਣ ਉਹ ਹਰਿਆਣੇ ਲਈ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਵੀ ਹਿੱਕ ਡਾਹ ਕੇ ਡਟੇ ਹੋਏ ਹਨ। ਪਰ ਇੱਥੇ ਬਾਦਲਾਂ ਦੀ ਉਸ ਰਾਜਨੀਤੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਉੱਠਣ ਵਾਲੇ ਹਰ ਇਕ ਨੇਤਾ ਦੇ ਨਾਲੋ ਨਾਲ ਖੰਭ ਕੁਤਰ ਦਿੰਦੇ ਰਹੇ ਹਨ।
ਕੁਝ ਸਿਆਸੀ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣਾ ਵਿਰੋਧ ਖਤਮ ਕਰਨ ਲਈ ਬੀਬੀ ਜਗੀਰ ਕੌਰ ਨੂੰ ਦਲ ਦਾ ਉਮੀਦਵਾਰ ਵੀ ਬਣਾ ਸਕਦੇ ਹਨ ਕਿਉਂਕਿ ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਕਈ ਲੀਡਰ ਵੀ ਬਾਦਲਾਂ ਦੀ ਘੇਰਾਬੰਦੀ ਕਰਨ ਵਿੱਚ ਲੱਗੇ ਹੋਏ ਹਨ। ਬੀਬੀ ਜਗੀਰ ਕੌਰ ਨੇ ਵੀ ਇਕ ਵਾਰ ਇਹ ਨਹੀਂ ਕਿਹਾ ਕੇ ਬਾਦਲਾਂ ਦੇ ਕੋਟੇ ਵਿਚੋਂ ਪ੍ਰਧਾਨ ਨਹੀਂ ਬਣਨਗੇ। ਬੀਬੀ ਜਗੀਰ ਕੌਰ ਦੀ ਜੇ ਸੁਰ ਬਾਦਲਾਂ ਨਾਲ ਮੁੜ ਤੋਂ ਮਿਲ ਜਾਂਦੀ ਹੈ ਤਾਂ ਪਾਰਟੀ ਅੰਦਰ ਲੋਕਤੰਤਰ ਦੀ ਮਘ ਰਹੀ ਚਿਣਗ ਥਾਂਏ ਬੁਝ ਜਾਵੇਗੀ। ਬੀਬੀ ਜਗੀਰ ਕੌਰ ਹਾਲੇ ਤੱਕ ਸਿਰਫ ਬਾਦਲਾਂ ਦੇ ਲਿਫਾਫਾ ਕਲਚਰ ਦਾ ਹੀ ਵਿਰੋਧ ਕਰਦੇ ਆ ਰਹੇ ਹਨ। ਲਿਫ਼ਾਫ਼ਾ ਕਲਚਰ ਨੂੰ ਲੈ ਕੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਬਾਦਲਾਂ ਨੂੰ ਸਾਰੇ ਅਧਿਕਾਰ ਦਿੰਦੇ ਰਹੇ ਹਨ। ਇਕ ਗੱਲ ਇਹ ਵੀ ਕਿ ਫਿਰ ਲਿਫਾਫਾ ਕਲਚਰ ਸਿਰਫ ਅਕਾਲੀ ਦਲ ਵਿੱਚ ਹੀ ਨਹੀਂ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦਾ ਨਾਮ ਵੀ ਗਾਂਧੀ ਪਰਿਵਾਰ ਦੇ ਲਿਫ਼ਾਫ਼ੇ ਵਿਚੋਂ ਨਿਕਲਦਾ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਅਗਲਾ ਮੁੱਖ ਮੰਤਰੀ ਚੁਣਨ ਲਈ ਤਿੰਨ ਵਾਰ ਲਿਫਾਫੇ ਬਦਲੇ ਗਏ ਸਨ।
ਅਕਾਲੀ ਦਲ ਵਿੱਚ ਅੰਦਰੂਨੀ ਲੋਕਤੰਤਰ ਨਹੀਂ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਹੈ। ਅਕਾਲੀ ਲੀਡਰਾਂ ਅਤੇ ਵਰਕਰਾਂ ਵਿੱਚ ਬਾਦਲ ਪਰਿਵਾਰ ਦੇ ਖਿਲਾਫ ਰੋਸ ਤਾਂ ਹੈ ਪਰ ਉਹ ਬੜੀ ਕਸੂਤੀ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਉਹ ਅਕਾਲੀ ਦਲ ਵਿੱਚ ਰਹਿਣਾ ਵੀ ਨਹੀਂ ਚਾਹੁੰਦੇ ਪਰ ਅਕਾਲੀ ਦਲ ਨੂੰ ਛੱਡ ਵੀ ਨਹੀਂ ਰਹੇ। ਪੰਜ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਦਾ ਅਮਲ ਵਿਵਾਦਾਂ ਵਿੱਚ ਘਿਰ ਰਹੇ ਰੁਤਬੇ ਅਤੇ ਵਕਾਰ ਨੂੰ ਲੈ ਕੇ ਵੀ ਉਨ੍ਹਾਂ ਦੇ ਦਿਲਾਂ ਵਿਚ ਨਿਰਾਸ਼ਾ ਹੈ। ਬੀਬੀ ਜਗੀਰ ਕੌਰ ਹਾਲੇ ਤੱਕ ਆਪਣੇ ਸਟੈਂਡ ‘ਤੇ ਕਾਇਮ ਹਨ

Leave a Reply

Your email address will not be published.

Back to top button