

ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਗੁਰਾਇਆ ਸ਼ਹਿਰ ‘ਚ ਸ਼ਰਾਬ ਦੇ ਠੇਕੇ ‘ਤੇ ਠੇਕੇਦਾਰ ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਠੇਕੇਦਾਰ ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਨੂੰ ‘ਆ ਤੈਨੂੰ ਦੱਸਾਂ, ਮੈਂ ਕੌਣ ਹਾਂ’ ਕਹਿ ਕੇ ਗਾਲ੍ਹਾਂ ਕੱਢ ਰਹੇ ਹਨ ਤੇ ਧਮਕੀਆਂ ਵੀ ਦੇ ਰਹੇ ਹਨ। ਇਹ ਵੀਡੀਓ ਦੀਵਾਲੀ ਦੀ ਰਾਤ 11:30 ਵਜੇ ਦੀ ਦੱਸੀ ਜਾ ਰਹੀ ਹੈ।
ਦੀਵਾਲੀ ਰਾਤ ਸਮੇਂ ਜਦੋਂ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮ ਸ਼ਹਿਰ ‘ਚ ਗੇੜੇ ਮਾਰ ਰਹੇ ਸਨ ਤਾਂ ਠੇਕੇ ਸਾਹਮਣੇ ਭੀੜ ਨੂੰ ਦੇਖ ਕੇ ਉਨ੍ਹਾਂ ਨੇ ਤਾਲਾ ਬੰਦ ਕਰਨ ਲਈ ਕਿਹਾ। ਇਸ ਸਮੇਂ ਤਕ ਦੁਕਾਨ ਬੰਦ ਕਰਨ ਦਾ ਸਮਾਂ ਵੀ ਹੋ ਗਿਆ ਸੀ। ਜ਼ਰਾ-ਜਿੰਨੀ ਗੱਲ ਨੂੰ ਲੈ ਕੇ ਠੇਕੇਦਾਰ ਤੇ ਉਸਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।