




ਸੁਖਬੀਰ ਸਿੰਘ ਬਾਦਲ ਦਲਜੀਤ ਸਿੰਘ ਚੀਮਾ ਨੂੰ ਜਥੇਦਾਰ ਅਕਾਲ ਤਖਤ ਬਣਾਉਣ
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਹੁਣੇ ਜਿਹੇ ਦਲਜੀਤ ਸਿੰਘ ਚੀਮਾ ਨੇ ਜਥੇਦਾਰ ਅਕਾਲ ਤਖਤ ਨਾਲ ਮੀਟਿੰਗ ਕਰਨ ਬਾਅਦ ਬਿਆਨ ਦਿਤਾ ਕਿ ਜਥੇਦਾਰ ਨਾਲ ਗਲ ਹੋ ਗਈ ਹੈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਰਾਹੀਂ ਸੁਖਬੀਰ ਬਾਦਲ ਦਾ ਅਸਤੀਫੇ ਬਾਰੇ ਵਿਚਾਰ ਕੀਤਾ ਜਾਵੇਗਾ ਤੇ ਭਰਤੀ ਕਮੇਟੀ ਤੇ ਅਕਾਲੀ ਦਲ ਦੀ ਉਸਾਰੀ ਚੋਣ ਕਮਿਸ਼ਨ ਅਨੁਸਾਰ ਹੋਵੇਗੀ ਤਾਂ ਜੋ ਅਕਾਲੀ ਦਲ ਉਪਰ ਸੰਵਿਧਾਨਕ ਤੇ ਕਨੂੰਨੀ ਸੰਕਟ ਨਾ ਆਵੇ।ਡਾਕਟਰ ਚੀਮਾ ਬਹੁਤ ਹੀ ਵਿਚਾਰਵਾਨ ਸਖਸ਼ੀਅਤ ਹਨ ਜਿਹਨਾਂ ਬਾਦਲ ਪਰਿਵਾਰ ਦੀ ਸਿਆਸਤ ਨੂੰ ਬਚਾ ਲਿਆ ਤੇ ਜਥੇਦਾਰ ਅਕਾਲ ਤਖਤ ਨੂੰ ਬਾਦਲ ਪਰਿਵਾਰ ਦੇ ਹੱਕ ਵਿਚ ਕਾਇਲ ਕਰ ਲਿਆ।ਇਥੋਂ ਤਕ ਜਥੇਦਾਰ ਵਲੋਂ ਬਿਆਨ ਜਾਰੀ ਕਰ ਦਿਤਾ।ਨਹੀਂ ਤਾਂ ਬਾਦਲਕਿਆਂ ਉਪਰ ਗੁਰਮਤਿਆਂ ਦੀ ਤਲਵਾਰ ਲਟਕ ਰਹੀ ਸੀ।ਇਥੋਂ ਤਕ ਚੀਮਾ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਾਉਣ ਵਿਚ ਮੁਖ ਰੋਲ ਸੀ ਜੋ ਬਾਦਲਕਿਆਂ ਵਿਚ ਇਤਿਹਾਸਕ ਪ੍ਰਾਪਤੀ ਸਮਝੀ ਜਾ ਰਹੀ ਹੈ।ਮਹਾਭਾਰਤ ਦੇ ਇਤਿਹਾਸ ਵਿਚ ਸ਼ੁਕਨੀ ਮਾਮਾ ਆਉਂਦਾ ਹੈ ਜੋ ਕੌਰਵ ਧੜੇ ਵਲੋਂ ਸਾਜਿਸ਼ੀ ਰਣਨੀਤੀ ਬੁਣਕੇ ਪਾਂਡਵਾਂ ਨੂੰ ਮੂਧੇ ਭਾਰ ਸੁਟਦਾ ਹੈ।ਪਰ ਜੇ ਕਿਸ਼ਨ ਭਗਵਾਨ ਨਾ ਹੁੰਦੇ ਪਾਂਡਵਾਂ ਨੂੰ ਕੋਈ ਬਚਾ ਨਹੀਂ ਸੀ ਸਕਦਾ।
ਸੁਧਾਰ ਲਹਿਰ ਤੇ ਬਾਦਲਕਿਆਂ ਦੇ ਟਕਰਾਅ ਦੀ ਕਹਾਣੀ ਇਹੀ ਹੈ ਪਰ ਸੁਧਾਰ ਲਹਿਰ ਵਾਲੇ ਕਿਸ਼ਨ ਪਾਤਰ ਦੀ ਨਾਇਕ ਰੂਪ ਦੀ ਭਾਲ ਵਿਚ ਹਨ।ਕੀ ਅਜਿਹੇ ਨਾਇਕ ਲਭਣੇ ਸੌਖੇ ਹੁੰਦੇ ਹਨ? ਇਹ ਉਦੋਂ ਲਭ ਹੁੰਦੇ ਹਨ ਜਦੋਂ ਤਿਆਗ ਦੀ ਭਾਵਨਾ ਹੋਵੇ ਤੇ ਆਪਣਾ ਮਨੋਬਲ ਹੋਵੇ।ਜੇਕਰ ਇਹ ਗੁਣ ਨਾ ਹੋਣ ਤਾਂ ਸੁਪਨਿਆਂ ਉਪਰ ਮਹਿਲ ਸਿਰਜੇ ਨਹੀਂ ਜਾਂਦੇ।ਸਿਖ ਪੰਥ ਇਸ ਸਮੇਂ ਬੇਚੈਨ ਧਿਰ ਹੈ ਉਹ ਉਸੇ ਲੀਡਰਸ਼ਿੱਪ ਨੂੰ ਪ੍ਰਵਾਨ ਕਰੇਗੀ ਜੋ ਉਨ੍ਹਾਂ ਦੀ ਰੂਹ ਪੰਜਾਬ ਤੇ ਪੰਥ ਦੀ ਹਸਤੀ ਗਲ ਇਮਾਨਦਾਰੀ ਨਾਲ ਕਰ ਸਕੇ ਤੇ ਇਮਾਨਦਾਰੀ ਨਾਲ ਪਹਿਰਾ ਦੇ ਸਕੇ।ਸੁਖਬੀਰ ਸਿੰਘ ਬਾਦਲ ਬੇਚੈਨ ਪੰਥ ਦੀ ਅਗਵਾਈ ਤੇ ਏਜੰਡੇ ਤੋਂ ਭਗੌੜਾ ਹੈ।ਸਤਾ,ਕਾਰਪੋਰੇਟ,ਅਮੀਰ ਲੋਕ ਉਸਦਾ ਆਧਾਰ ਹਨ।ਉਸਦਾ ਰਾਜਨੀਤਕ ਏਜੰਡਾ ਵੀ ਇਹ ਹੈ।ਕਸ਼ਮੀਰ ਮੁਦੇ ਉਪਰ ਬਾਦਲ ਧੜੇ ਦਾ ਸਟੈਂਡ ਖੇਤਰੀ ਪਾਰਟੀ ਵਜੋਂ ਯੋਗ ਨਹੀਂ ਸੀ।ਉਹ ਖੇਤਰੀ ਪਾਰਟੀ ਵਜੋਂ ਆਪਣੇ ਪੰਜਾਬ ਦੀ ਹਸਤੀ ਨਾਲ ਧੋਖਾ ਸੀ।ਸਾਫ ਹੈ ਕਿ ਉਹ ਪੰਜਾਬ ਦੀ ਅਟਾਨਮੀ ਦੇ ਹਕ ਵਿਚ ਨਹੀਂ ਹਨ।ਇਸ ਤੋਂ ਬਿਨਾਂ ਸਿਖ ਸਿਆਸਤ ਦੀ ਗਲ ਅਗੇ ਨਹੀਂ ਤੁਰ ਸਕਦੀ।ਇਹ ਗਲ ਸੁਧਾਰ ਅਕਾਲੀ ਲਹਿਰ ਨੂੰ ਵੀ ਸਮਝਣੀ ਚਾਹੀਦੀ ਹੈ।
ਜਥੇ ਰਘਬੀਰ ਸਿੰਘ ਦੀ ਗਲ ਕਰੀਏ ਤਾਂ ਮਹਾਂਭਾਰਤ ਦੇ ਪਾਤਰ ਧਰਿਤਰਾਸ਼ਟਰ ਜਾਪਦੇ ਹਨ ਜੋ ਮਨੋ ਨੇਤਰਹੀਣ ਹੋਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਗੁਰਮਤੇ ਲਾਗੂ ਨਹੀਂ ਕਰ ਰਹੇ।
ਜਿਥੋਂ ਤਕ ਸੁਖਬੀਰ ਬਾਦਲ ਦਾ ਸੁਆਲ ਹੈ ਕਿ ਉਸਨੂੰ ਚਾਹੀਦਾ ਹੈ ਕਿ ਉਹ ਵਾਰ ਵਾਰ ਜਥੇਦਾਰ ਰਘਬੀਰ ਸਿੰਘ ਨੂੰ ਆਪਣੇ ਹਕ ਵਿਚ ਮਨਾਉਣ ਦੀ ਥਾਂ, ਏਲਚੀ ਭੇਜਣ ਦੀ ਥਾਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਜਥੇਦਾਰ ਅਕਾਲ ਤਖਤ ਬਣਾ ਦੇਣ।ਉਨ੍ਹਾਂ ਦੇ ਸਾਰੇ ਰਾਹ ਸਾਫ ਹੋ ਜਾਣਗੇ।ਜਥੇਦਾਰ ਦਲਜੀਤ ਸਿੰਘ ਚੀਮਾ ਨੂੰ ਅੰਮ੍ਰਿਤ ਛਕਾ ਦੇਣ,ਗੋਲ ਦਸਤਾਰ ਬਣਾ ਦੇਣ ,ਚੋਲਾ ਪੁਆ ਦੇਣ ਤਾਂ ਜੋ ਪੁਰਾਤਨ ਦਰਸ਼ਨੀ ਸਿੰਘ ਲਗਣ ,ਭੁਗਤਣਾ ਉਨ੍ਹਾਂ ਬਾਦਲ ਪਰਿਵਾਰ ਦੇ ਹਕ ਵਿਚ ਹੈ।ਫਿਰ ਦਿਕਤ ਕੀ ਹੈ?
ਬਾਕੀ ਇਹ ਗਰੰਟੀ ਨਹੀਂ ਅਕਾਲ ਤਖਤ ਨੂੰ ਕੰਟਰੋਲ ਕਰਕੇ ਖਾਲਸਾ ਪੰਥ ਕੰਟਰੋਲ ਵਿਚ ਆ ਜਾਵੇਗਾ।ਖਾਲਸਾ ਪੰਥ ਦੀਆਂ ਰਮਜਾਂ ਦੁਨਿਆਵੀ ਤਾਕਤਾਂ ਨਹੀਂ ਜਾਣਦੀਆਂ,ਸਚਾ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਹੀ ਜਾਣਦੇ ਹਨ ਜਿਹਨਾਂ ਨੇ ਖਾਲਸਾ ਜੀ ਨੂੰ ਖੰਡੇ ਦੀ ਧਾਰ ਵਿਚੋਂ ਪ੍ਰਗਟ ਕੀਤਾ ਤੇ ਆਪਣੇ ਬਰਾਬਰ ਦੀ ਥਾਂ ਦਿਤੀ।ਗੁਰੂ ਚੇਲੇ ਵਿਚ ਭੇਦ ਮਿਟ ਗਿਆ।ਖਾਲਸਾ ਜੀ ਵਿਚ ਅੱਜ ਵੀ ਗੁਰੂ ਹਾਜ਼ਰ ਨਾਜ਼ਰ ਹੈ। ਖਾਲਸਾ ਜੀ ਅਜਿਹੀ ਬਦੀ ਦੀਆਂ ਤਾਕਤਾਂ ਦੀ ਸੁਪਰਮੇਸੀ ਪ੍ਰਵਾਨ ਨਹੀਂ ਕਰਦੇ।ਇਹ ਇਤਿਹਾਸ ਵੀ ਹੈ ਤੇ ਸੁਭਾਅ ਵੀ।