JalandharPunjab

ਸੁਰਜੀਤ ਹਾਕੀ ਟੂਰਨਾਮੈਂਟ ‘ਚ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਫਾਇਨਲ ਵਿੱਚ

ਜਲੰਧਰ, ਐਚ ਐਸ ਚਾਵਲਾ।

ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਦੀ ਹੈਟ੍ਰਿਕ ਅਤੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਦੇ ਦੋ ਗੋਲਾਂ ਦੀ ਬਦੋਲਤ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 5-0 ਦੇ ਫਰਕ ਨਾਲ ਹਰਾ ਕੇ 12ਵੀਂ ਵਾਰ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿਚ ਪ੍ਰਵੇਸ਼ ਕਰ ਲਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਅੱਠਵੇਂ ਦਿਨ ਸੈਮੀਫਾਇਨਲ ਮੁਕਾਬਲੇ ਖੇਡੇ ਗਏ। ਦੂਜੇ ਸੈਮੀਫਾਇਨਲ ਵਿੱਚ ਭਾਰਤੀ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਇਨਲ ਵਿਚ ਸਥਾਨ ਬਣਾਇਆ।  ਫਾਇਨਲ ਮੈਚ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਦੇ ਦਰਮਿਆਨ 4 ਨਵੰਬਰ ਨੂੰ ਸ਼ਾਮ 6-30 ਵਜੇ ਖੇਡਿਆ ਜਾਵੇਗਾ। ਫਾਇਨਲ ਮੈਚ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜਦਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕਰਨਗੇ। ਜੇਤੂ ਟੀਮ ਨੂੰ 5 ਲੱਖ ਰੁਪਏ ਨਕਦ ਅਤੇ ਉਪ ਜੇਤੂ ਨੂੰ 2.50 ਲੱਖ ਰੁਪਏ ਨਕਦ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਪਹਿਲੇ ਸੈਮੀਫਾਇਨਲ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਇੰਡੀਅਨ ਆਇਲ ਮੁੰਬਈ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਖੇਡ ਦੇ 13ਵੇਂ ਮਿੰਟ ਵਿੱਚ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਗਵਾਏ। ਅੱਧੇ ਸਮੇਂ ਤੱਕ ਇੰਡੀਅਨ ਆਇਲ ਮੁੰਬਈ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 35ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ। ਖੇਡ ਦੇ 50ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਉਲੰਪੀਅਨ ਸਿਮਰਨਜੀਤ ਸਿੰਘ ਦੇ ਪਾਸ ਤੇ ਗੋਲ ਕਰਕੇ ਸਕੋਰ 3-0 ਕੀਤਾ। ਖੇਡ ਦੇ 55ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 4-0 ਕੀਤਾ। ਖੇਡ ਦੇ 57ਵੇਂ ਮਿੰਟ ਵਿੱਚ ਤਲਵਿੰਦਰ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 5-0 ਕਰਦੇ ਹੋਏ ਆਪਣੀ ਹੈਟ੍ਰਿਕ ਪੂਰੀ ਕੀਤੀ।

ਦੂਜਾ ਸੈਮੀਫਾਇਨਲ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਅਤੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਖੇਡਿਆ ਗਿਆ। ਖੇਡ ਦੇ ਤੀਜੇ ਮਿੰਟ ਵਿੱਚ ਰੇਲਵੇ ਦੇ ਮੁਕਲ ਸ਼ਰਮਾ ਨੇ ਮੈਦਾਨੀ ਗੋਲ ਕੀਤਾ। ਖੇਡ ਦੇ 8ਵੇਂ ਮਿੰਟ ਵਿੱਚ ਰੇਲਵੇ ਦੇ ਜੋਗਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ।ਅੱਧੇ ਸਮੇਂ ਤੱਕ ਭਾਰਤੀ ਰੇਲਵੇ 2-0 ਨਾਲ ਅੱਗੇ ਸੀ। ਖੇਡ ਦੇ 49ਵੇਂ ਮਿੰਟ ਵਿੱਚ ਬੈਂਕ ਨੂੰ ਪੈਨਲਟੀ ਸਟਰੋਕ ਮਿਿਲਆ ਤਾਂ ਉਨ੍ਹਾਂ ਦੇ ਸੰਤਾ ਸਿੰਘ ਨੇ ਗੋਲ ਕਰਕੇ ਸਕੋਰ 1-2 ਕੀਤਾ।ਅਮਤ ਸਮੇਂ ਤੱਕ ਸਕੋਰ 2-1 ਰਹਿਣ ਕਰਕੇ ਭਾਰਤੀ ਰੇਲਵੇ 2-1 ਨਾਲ ਜੇਤੂ ਰਹੀ ਅਤੇ ਫਾਇਨਲ ਵਿੱਚ ਸਥਾਨ ਬਣਾਇਆ।  

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਜਸਬੀਰ ਸਿੰਘ ਰਾਜਾ (ਵਿਧਾਇਕ ਟਾਂਡਾ), ਉਲੰਪੀਅਨ ਅਜੀਤਪਾਲ ਸਿੰਘ (ਕਪਤਾਨ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ) ਅਤੇ ਉਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਬਾਬਾ ਤਰਮਿੰਦਰ ਸਿੰਘ ਕਾਹਨਾ ਢੇਸੀਆਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਸਕੱਤਰ ਹਾਕੀ ਪੰਜਾਬ, ਇਕਬਾਲ ਸਿੰਘ ਸੰਧੂ, ਰਣਬੀਰ ਸਿੰਘ ਰਾਣਾ ਟੁੱਟ, ਲਖਵਿੰਦਰ ਪਾਲ ਸਿੰਘ ਖਹਿਰਾ, ਐਲ ਆਰ ਨਈਅਰ, ਤਰਲੋਕ ਸਿੰਘ ਭੁੱਲਰ (ਕੈਨੇਡਾ), ਬਲਜੀਤ ਰੰਧਾਵਾ, ਰਾਜਨ ਬੇਰੀ ਇੰਡੀਅਨ ਆਇਲ, ਅਮੋਲਕ ਸਿੰਘ ਗਾਖਲ, ਰਮਣੀਕ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

4 ਨਵੰਬਰ (ਫਾਇਨਲ ਮੈਚ)

ਇੰਡੀਅਨ ਆਇਲ ਮੁੰਬਈ ਬਨਾਮ ਭਾਰਤੀ ਰੇਲਵੇ – 6-30 ਵਜੇ

Related Articles

Leave a Reply

Your email address will not be published.

Back to top button