
Know why these political and religious leaders have been summoned to Sri Akal Takht Sahib till now
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਕੌਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 15 ਜੂਨ ਨੂੰ 1606 ਈਸਵੀ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਸੀ। ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਇਸ ਨੂੰ ਮੁਕੰਮਲ ਕੀਤਾ ਅਤੇ ਇਥੋਂ ਹੀ ਸੰਗਤ ਲਈ ਪਹਿਲਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਤਖ਼ਤ ਉੱਤੇ ਜਿਸ ਇਮਾਰਤ ਦਾ ਨਿਰਮਾਣ ਕੀਤਾ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਸਿੱਖਾਂ ਲਈ ਇਸ ਤਰ੍ਹਾਂ ਦੇ ਚਾਰ ਤਖ਼ਤ ਹੋਰ ਹਨ ਪਰ ਸਭ ਤੋਂ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ। ਜਿਸ ਵਿੱਚ ਧਰਮ ਦੀ ਰੱਖਿਆ ਲਈ ਸਿਆਸਤ ਅਤੇ ਸ਼ਸਤਰ ਦੋਵਾਂ ਦਾ ਇਸਤੇਮਾਲ ਕੀਤਾ ਜਾਣਾ ਸੀ। ਜਿਸ ਕਰਕੇ ਇਸ ਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਵੀ ਕਿਹਾ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਨੂੰ ਥਾਪਿਆ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਧਰਮ ਅਤੇ ਸਿੱਖੀ ਦੇ ਪ੍ਰਚਾਰ ਦਾ ਮੁੱਢ ਬੰਨ੍ਹਿਆ ਗਿਆ। ਕਿਸੇ ਵੀ ਵਿਅਕਤੀ ਵੱਲੋਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਫੈਸਲੇ ਸੁਣਾਏ ਗਏ ਹਨ। ਭਾਵੇਂ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਸਿੱਖ ਰਾਜ ਹੀ ਕਿਉਂ ਨਾ ਹੋਵੇ। ਇਤਿਹਾਸ ਗਵਾਹ ਹੈ ਕਿ ਖੁਦ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕ ਕੇ ਮਰਿਆਦਾ ਅਤੇ ਨਿਯਮਾਂ ਦੀ ਪਾਲਣਾ ਕਰਨੀ ਪਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ਨੂੰ ਸਿੱਖ ਕੌਮ ਸਿਰ ਮੱਥੇ ਲਾਉਂਦੀ ਹੈ। ਇਸ ਤੋਂ ਇਲਾਵਾ ਸਿੱਖਾਂ ਦੇ ਚਾਰ ਹੋਰ ਤਖ਼ਤ ਹਨ ਜਿਨ੍ਹਾਂ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੈ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਮਹਾਰਾਸ਼ਟਰ ਵਿੱਚ ਹੈ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਸਥਿਤ ਹੈ।
ਜਥੇਦਾਰਾਂ ਦੀ ਤਾਜਪੋਸ਼ੀ ਦੀ ਪ੍ਰਕਿਰਿਆ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਮੇਂ ਨਿਹੰਗ ਜਥੇਬੰਦੀਆਂ, ਟਕਸਾਲਾਂ ਸੰਪਰਦਾਵਾਂ ਸੰਸਥਾਵਾਂ, ਸੰਤ ਮਹਾਂਪੁਰਸ਼, ਉਦਾਸੀਏ, ਨਿਰਮਲੇ ਆਦਿ ਨੂੰ ਵੀ ਸੱਦਿਆ ਜਾਂਦਾ ਹੈ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਤਾਜਪੋਸ਼ੀ ਦੇ ਲਈ ਸਮਾਗਮ ਕਰਵਾਇਆ ਜਾਂਦਾ ਹੈ, ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਉੱਤੇ ਖੜ ਕੇ ਜਥੇਦਾਰੀ ਬਾਰੇ ਐਲਾਨ ਕੀਤਾ ਜਾਂਦਾ ਹੈ ਅਤੇ ਸੰਗਤ ਜੈਕਾਰੇ ਛੱਡਦੀ ਹੈ, ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਦਸਤਾਰ (ਪੱਗ) ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਮੇਂ ਐਸਜੀਪੀਸੀ, ਚੀਫ ਖਾਲਸਾ ਦੀਵਾਨ, ਅਕਾਲੀ ਦਲ ਦੇ ਨੁਮਾਇੰਦੇ ਅਤੇ ਸੰਪਰਦਾਵਾਂ ਸਭਾ, ਸੁਸਾਇਟੀਆਂ, ਨਿਰਮਲੇ ਅਤੇ ਉਦਾਸੀਏ ਵੀ ਦਸਤਾਰ ਲੈ ਕੇ ਪਹੁੰਚਦੇ ਹਨ।
ਕੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ
ਕਿਸੇ ਵੀ ਤਰ੍ਹਾਂ ਦੀ ਧਰਮ ਦੀ ਰਹਿਤ ਮਰਿਆਦਾ ਨੂੰ ਠੇਸ ਪਹੁੰਚਾਉਣ ਜਾਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਨਾਹਕਾਰ ਨੂੰ ਤਲਬ ਕਰਦਾ ਹੈ। ਜੇਕਰ ਕੋਈ ਸਿੱਖ ਆਪ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਕਾਰਵਾਈ ਲਈ ਬੁਲਾਇਆ ਜਾਂਦਾ ਹੈ। 1606 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਜਾਰੀ ਹੋਇਆ ਸੀ। ਹਾਲਾਂਕਿ ਵਿਸਾਖੀ ਮੌਕੇ ਅਤੇ ਖਾਸ ਤੌਰ ਉੱਤੇ ਧਾਰਮਿਕ ਸਮਾਗਮਾਂ ਗੁਰਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖਾਂ ਲਈ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਹੁਕਮਨਾਮਾ ਖੁਦ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਜਿਸ ਤੋਂ ਬਾਅਦ ਹੁਣ ਸਮੇਂ-ਸਮੇਂ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਅਤੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ। ਇਹ ਸੰਦੇਸ਼ ਅਤੇ ਹੁਕਮਨਾਮੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਜਾਂਦੇ ਹਨ। ਇਹ ਸਭ ਪੰਜ ਸਿੰਘ ਸਾਹਿਬਾਨਾਂ ਦੀ ਮਨਜ਼ੂਰੀ ਦੇ ਨਾਲ ਹੁੰਦਾ ਹੈ। ਬੀਤੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਵਾਲੇ ਭਗਵੰਤ ਮਾਨ ਪਹਿਲੇ ਮੁੱਖ ਮੰਤਰੀ ਨਹੀਂ ਹਨ, ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਆਗੂਆਂ ਦੇ ਨਾਲ ਪੰਜਾਬ ਦੇ ਸਮੇਂ ਦੌਰਾਨ ਰਹੇ ਮੁੱਖ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾ ਚੁੱਕਿਆ ਹੈ ਅਤੇ ਧਾਰਮਿਕ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸ ਨੂੰ ਕੀਤਾ ਜਾ ਸਕਦਾ ਹੈ ਤਲਬ ?
ਜੇਕਰ ਕੋਈ ਵੀ ਵਿਅਕਤੀ ਸਿੱਖ ਧਰਮ, ਗੁਰੂਆਂ ਅਤੇ ਇਤਿਹਾਸ ਬਾਰੇ ਕੁਝ ਗਲਤ ਬੋਲਦਾ ਅਤੇ ਲਿਖਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਨੂੰ ਤਲਬ ਕਰ ਸਕਦਾ ਹੈ, ਪਰ ਉਹ ਸਿੱਖ ਧਰਮ ਨਾਲ ਸਬੰਧਿਤ ਹੋਣਾ ਚਾਹੀਦਾ ਹੈ। ਗੈਰ ਸਿੱਖ ਧਰਮ ਦੇ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਨਹੀਂ ਕਰਦਾ ਹੈ। ਸਿੱਖ ਧਰਮ ਨਾਲ ਸਬੰਧਿਤ ਤਲਬ ਕੀਤੇ ਗਏ ਵਿਅਕਤੀ ਨੂੰ ਮਰਿਆਦਾ ਅਨੁਸਾਰ ਬੁਲਾਇਆ ਜਾਂਦਾ ਹੈ। ਜਿਵੇਂ
- ਜੇਕਰ ਕੋਈ ਵਿਅਕਤੀ ਸਾਬਤ ਸੂਰਤ ਅਤੇ ਸਿੱਖ ਮਰਿਆਦਾ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਉੱਤੇ ਸੱਦਿਆ ਜਾਂਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਪੰਜ ਪਿਆਰਿਆਂ ਦੀ ਅਗਵਾਈ ਹੇਠ ਉਸ ਵਿਅਕਤੀ ਸਬੰਧੀ ਫੈਸਲੇ ਸੁਣਾਉਂਦੇ ਹਨ।
- ਜੇਕਰ ਸਿੱਖ ਧਰਮ ਨਾਲ ਹੀ ਸਬੰਧਿਤ ਕੋਈ ਵਿਅਕਤੀ ਰਹਿਤ ਮਰਿਆਦਾ ਵਾਲਾ ਨਹੀਂ ਹੁੰਦਾ ਭਾਵ ਸਹਿਜਧਾਰੀ ਸਿੱਖ, ਜਿਸ ਨੇ ਵਾਲ ਜਾਂ ਦਾੜੀ ਕੱਟੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਪੇਸ਼ ਹੋਣ ਲਈ ਕਿਹਾ ਜਾਂਦਾ ਹੈ।
ਤਲਬ ਕੀਤੇ ਗਏ ਵਿਅਕਤੀ ਪੇਸ਼ ਨਹੀਂ ਹੁੰਦੇ ਤਾਂ ਕੀ ਹੁੰਦੀ ਹੈ ਕਾਰਵਾਈ ?
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਵਿਅਕਤੀ ਜੇਕਰ ਪੇਸ਼ ਨਹੀਂ ਹੁੰਦਾ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਵਿੱਚੋਂ ਸ਼ੇਕ ਦਿੰਦਾ ਹੈ ਅਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਇਸ ਵਿਅਕਤੀ ਨਾਲ ਕੋਈ ਵੀ ਸਾਂਝ ਨਾਲ ਰੱਖੀ ਜਾਵੇ। ਇਹ ਜਾਣਕਾਰੀ ਐੱਸਜੀਪੀਸੀ ਮੈਂਬਰ ਜਗਬੀਰ ਸਿੰਘ ਸੋਖੀ ਨੇ ਦਿੱਤੀ ਹੈ।
ਹੋਰ ਧਰਮਾਂ ਵਾਲੇ ਲੋਕਾਂ ਉੱਤੇ ਕੀ ਹੁੰਦੀ ਹੈ ਕਾਰਵਾਈ ?
ਜੇਕਰ ਸਿੱਖ ਧਰਮ ਤੋਂ ਬਿਨ੍ਹਾਂ ਹੋਰ ਧਰਮ ਦਾ ਵਿਅਕਤੀ ਸਿੱਖ ਧਰਮ, ਗੁਰੂਆਂ ਅਤੇ ਇਤਿਹਾਸ ਬਾਰੇ ਕੁਝ ਗਲਤ ਬੋਲਦਾ ਅਤੇ ਲਿਖਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਵਿਅਕਤੀ ਉੱਤੇ ਐਸਜੀਪੀਸੀ ਜ਼ਰੀਏ ਕਾਨੂੰਨੀ ਕਾਰਵਾਈ ਕਰਨ ਦਾ ਹੁਕਮ ਦਿੰਦਾ ਹੈ ਅਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜੇ ਜਾਂਦੇ ਹਨ। ਜੇਕਰ ਫਿਰ ਵੀ ਗੈਰ ਧਰਮ ਕੋਈ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਬੁਲਾਇਆ ਜਾਂਦਾ ਹੈ ਅਤੇ ਉਸ ਦਾ ਪੱਖ ਸੁਣਿਆ ਜਾਂਦਾ ਹੈ।
ਇਹ ਸਿਆਸੀ ਅਤੇ ਧਾਰਮਿਕ ਆਗੂ ਕਿਉਂ ਤਲਬ ਕੀਤੇ ਗਏ –
- ਮਹਾਰਾਜਾ ਰਣਜੀਤ ਸਿੰਘ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਨੈਤਿਕ ਅਵੱਗਿਆ ਕਰਨ ਲਈ ਤਲਬ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਉਸ ਵੇਲੇ ਅਕਾਲੀ ਫੂਲਾ ਸਿੰਘ ਵੱਲੋਂ ਕੌੜੇ ਮਰਵਾਏ ਸਨ ਅਤੇ ਬਾਅਦ ਦੇ ਵਿੱਚ ਜ਼ੁਰਮਾਨਾ ਲਗਾ ਕੇ ਮੁਆਫ਼ੀ ਵੀ ਮੰਗਵਾਈ ਗਈ ਸੀ।
- ਪਰਕਾਸ਼ ਸਿੰਘ ਬਾਦਲ: 1979 ਵਿੱਚ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ। ਪਰਕਾਸ਼ ਸਿੰਘ ਬਾਦਲ ਨੂੰ ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ ਕਿਉਂਕਿ 1978 ਦੇ ਵਿੱਚ ਪਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਨਿਰੰਕਾਰੀ ਅੰਮ੍ਰਿਤਸਰ ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕਰਕੇ ਚਲੇ ਗਏ ਸਨ। ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਕਿਹਾ ਗਿਆ ਸੀ।
- ਗਿਆਨੀ ਜੈਲ ਸਿੰਘ: 1984 ਸਿੱਖ ਕਤਲੇਆਮ ਦੇ ਮਾਮਲੇ ਨੂੰ ਲੈ ਕੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਗਿਆਨੀ ਜੈਲ ਸਿੰਘ ਨੂੰ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਆਫ਼ੀ ਦਿੱਤੀ ਗਈ ਸੀ। ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਵੇਲੇ ਚੁੱਪ ਰਹਿਣ ਕਾਰਨ ਇਹ ਸਜ਼ਾ ਦਿੱਤੀ ਗਈ ਸੀ।
- ਬੂਟਾ ਸਿੰਘ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ। 2 ਸਤੰਬਰ 1984 ਨੂੰ ਗਿਆਨੀ ਕਿਰਪਾਲ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਦੇ ਦਸਤਖ਼ਤ ਹੇਠ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਸਿੱਖ ਪਰੰਪਰਾਵਾਂ ਦੇ ਉਲਟ ਬੂਟਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਢੱਠੀ ਹੋਈ ਇਮਾਰਤ ਦੀ ਸੇਵਾ ਪੰਥ ਵਿੱਚ ਛੇਕੇ ਹੋਏ ਬੁੱਢਾ ਦਲ ਦੇ ਮੁਖੀ ਸੰਤ ਸਿੰਘ ਨੂੰ ਦਿੱਤੀ ਸੀ, ਜਿਸ ਕਰਕੇ ਬੂਟਾ ਸਿੰਘ ਨੂੰ ਤਲਬ ਕੀਤਾ ਗਿਆ ਸੀ।
- ਸੁਰਜੀਤ ਸਿੰਘ ਬਰਨਾਲਾ: 1987 ਵਿੱਚ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਨ ਦੇ ਚੱਲਦੇ ਤਲਬ ਕੀਤਾ ਗਿਆ ਸੀ। ਸੁਰਜੀਤ ਸਿੰਘ ਬਰਨਾਲਾ ਨੂੰ ਗਲੇ ਵਿੱਚ ਮੈਂ ਪਾਪੀ ਹਾਂ ਦੀ ਤਖ਼ਤੀ ਲਟਕਾ ਕੇ ਜੁੱਤੀਆਂ ਸਾਫ਼ ਕਰਨ ਦੀ ਸਜ਼ਾ ਲਗਾਈ ਗਈ ਸ
- ਬਿਕਰਮ ਸਿੰਘ ਮਜੀਠੀਆ: ਸਾਲ 2014 ਦੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਤਤਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਦੱਸ ਦਈਏ ਕਿ ਉਸ ਸਮੇਂ ਅੰਮ੍ਰਿਤਸਰ ਵਿੱਚ ਸੱਦੀ ਗਈ ਇੱਕ ਰੈਲੀ ਦੌਰਾਨ ਮਰਹੂਮ ਲੀਡਰ ਅਰੁਣ ਜੇਤਲੀ ਦੀ ਰੈਲੀ ਵਿੱਚ ਗੁਰਬਾਣੀ ਦੀਆਂ ਤੁਕਾਂ ਨੂੰ ਗਲਤ ਢੰਗ ਨਾਲ ਪੜ੍ਹਨ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕਰਕੇ ਤਨਖਾਹ ਲਗਾਈ ਗਈ ਸੀ।
- ਕੈਪਟਨ ਅਮਰਿੰਦਰ ਸਿੰਘ: ਸਾਲ 2018 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਤਲਬ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ ਕਿ ਮੈਂ ਸੱਤਾ ਵਿੱਚ ਆ ਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਵਾਂਗਾ। ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਸਹੁੰ ਚੁੱਕਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕੀਤਾ ਗਿਆ ਸੀ।
- ਸੁਖਬੀਰ ਸਿੰਘ ਬਾਦਲ: ਸਾਲ 2024 ਦੇ ਅਖੀਰਲੇ ਮਹੀਨੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੂੰ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ, ਬਰਗਾੜੀ ਬੇਅਦਬੀ, ਬਹਿਬਲ ਕਲਾਂ ਗੋਲੀਬਾਰੀ ਮਾਮਲੇ ਸਣੇ ਹੋਰ ਧਾਰਮਿਕ ਗਲਤੀਆਂ ਕਰਨ ਨੂੰ ਲੈ ਕੇ ਤਲਬ ਕੀਤਾ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੰਦੇ ਹੋਏ ਜੁੱਤੀਆਂ ਸਾਫ ਕਰਨ, ਭਾਂਡੇ ਮਾਂਜਣ ਸਣੇ ਅਤੇ ਹੱਥ ‘ਚ ਬਰਛਾ ਲੈਕੇ ਪਹਿਰੇਦਾਰੀ ਕਰਨ ਤੋਂ ਲੈਕੇ ਹੱਥ ਜੋੜ ਕੇ ਮੁਆਫ਼ੀ ਮੰਗਣ ਦੀ ਸਜ਼ਾ ਲਗਾਈ ਗਈ ਸੀ।
- ਹਰਜੋਤ ਸਿੰਘ ਬੈਂਸ: ਆਪ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ 2025 ‘ਚ ਜੰਮੂ ਕਸ਼ਮੀਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਵਿੱਚ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਉਣ ਦੇ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੀ। ਇਸ ਦੌਰਾਨ ਹਰਜੋਤ ਬੈਂਸ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਸੀ।
- ਤਰੁਣਪ੍ਰੀਤ ਸਿੰਘ ਸੌਂਦ: ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ 5 ਜਨਵਰੀ 2026 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਤਰੁਣਪ੍ਰੀਤ ਸਿੰਘ ਸੌਂਦ ਨੂੰ ਦਸੰਬਰ 2025 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਿਆਰ ਕਰਵਾਏ ਗਏ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਮੈਮੋਰੀਅਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੀ ਗਲਤ ਪੇਸ਼ਕਾਰੀ ਕਰਨ ਨੂੰ ਲੈ ਕੇ ਤਲਬ ਕੀਤਾ ਗਿਆ ਸੀ।
- ਭਗਵੰਤ ਸਿੰਘ ਮਾਨ: ਹੁਣ 2026 ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮੀਡੀਆ ਸਾਹਮਣੇ ਗੋਲਕ ਨੂੰ ਲੈ ਕੇ ਟਿੱਪਣੀਆਂ ਕਰਨ ਅਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਦਾ ਨਿਰਾਦਰ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ‘ਚ ਮੁੱਖ ਮੰਤਰੀ ਮਾਨ ਨੂੰ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਹੋਏ ਹਨ
ਸਿਆਸੀ ਅਤੇ ਧਾਰਮਿਕ ਆਗੂ ਕੀਤੇ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੇਂ-ਸਮੇਂ ਸਿੱਖ ਕੌਮ ਦੇ ਉੱਠੇ ਹੋਏ ਮਸਲਿਆਂ ਉੱਤੇ ਕਾਰਵਾਈਆਂ ਕਰਦੇ ਹੋਏ ਨਾ ਸਿਰਫ ਸਿਆਸੀ ਆਗੂਆਂ ਨੂੰ ਤਲਬ ਕੀਤਾ, ਸਗੋਂ ਧਾਰਮਿਕ ਆਗੂਆਂ ਨੂੰ ਵੀ ਤਲਬ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਵੀ ਤਲਬ ਕੀਤਾ ਜਾ ਚੁੱਕਿਆ ਹੈ। ਇੰਨਾਂ ਹੀ ਨਹੀਂ ਜਦੋਂ ਡੇਰਾ ਸਿਰਸਾ ਅਤੇ ਡੇਰਾ ਬਿਆਸ ਦੇ ਵਿੱਚ ਵੋਟਾਂ ਮੰਗਣ ਦੇ ਲਈ ਕਾਂਗਰਸ ਅਤੇ ਅਕਾਲੀ ਦਲ ਆਗੂ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸੱਦਾ ਦੇ ਕੇ ਸਜ਼ਾ ਦਿੱਤੀ ਜਾਂਦੀ ਹੈ। ਜੇਕਰ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦਾ ਅਤੇ ਦਿੱਤੀਆਂ ਹੋਈਆਂ ਸਜ਼ਾਵਾਂ ਪੂਰੀਆਂ ਨਹੀਂ ਕਰਦਾ ਜਾਂ ਫਿਰ ਤਲਬ ਨਹੀਂ ਹੁੰਦਾ ਤਾਂ ਉਸ ਨੂੰ ਪੰਥ ਵਿੱਚੋਂ ਛੇਕ ਦਿੱਤੇ ਜਾਣ ਦੀ ਵੀ ਤਜਵੀਜ਼ ਹੈ।








