ਹਿਮਾਚਲ: ਮੀਂਹ ਨੇ ਭਾਰੀ ਤਬਾਹੀ ਮਚਾਈ, 5 ਮੌਤਾਂ,ਅਨੇਕਾਂ ਲੋਕ ਲਾਪਤਾ, ਪੰਜਾਬ ਨੂੰ ਜੋੜਨ ਵਾਲਾ ਰੇਲਵੇ ਪੁਲ ਟੁੱਟਿਆ

ਹਿਮਾਚਲ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਅਤੇ ਚੰਬਾ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪਿਛਲੇ 24 ਘੰਟਿਆਂ ‘ਚ ਚੰਬਾ ਦੇ ਭਟੀਆਟ ‘ਚ ਤਿੰਨ, ਮੰਡੀ ‘ਚ ਇਕ ਅਤੇ ਕਾਂਗੜਾ ਦੇ ਸ਼ਾਹਪੁਰ ‘ਚ ਇਕ ਮਕਾਨ ਡਿੱਗਣ ਕਾਰਨ 9 ਸਾਲਾ ਬੱਚੀ ਦੀ ਮੌਤ ਹੋ ਗਈ। ਚੰਬਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ 15 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਹਮੀਰਪੁਰ ‘ਚ 10 ਤੋਂ 12 ਘਰ ਨਦੀ ‘ਚ ਡੁੱਬ ਗਏ। ਇਨ੍ਹਾਂ ‘ਚ ਫਸੇ 19 ਲੋਕਾਂ ਨੂੰ ਬਚਾ ਲਿਆ ਗਿਆ। ਦੂਜੇ ਪਾਸੇ ਕਾਂਗੜਾ ‘ਚ ਭਾਰੀ ਮੀਂਹ ਕਾਰਨ ਚੱਕੀ ਨਦੀ ‘ਚ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਰੇਲਵੇ ਪੁਲ ਡਿੱਗ ਗਿਆ। ਹਾਲਾਂਕਿ, ਇੱਕ ਹਫ਼ਤਾ ਪਹਿਲਾਂ ਪੁਲ ਨੂੰ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸੀ।
ਇਸ ਕਾਰਨ ਅਗਸਤ ਦੇ ਪਹਿਲੇ ਹਫ਼ਤੇ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਮੰਡੀ ਦੇ ਗੋਹਰ ‘ਚ ਪਹਾੜੀ ਡਿੱਗਣ ਕਾਰਨ ਪਿੰਡ ਕਾਸ਼ਨ ਪੰਚਾਇਤ ਦੇ ਪਿੰਡ ਜਾਦਮਾਨ ‘ਚ ਇੱਕੋ ਪਰਿਵਾਰ ਦੇ ਅੱਠ ਮੈਂਬਰ ਦਬ ਗਏ। ਅੱਧੀ ਰਾਤ ਨੂੰ ਪੂਰਾ ਪਰਿਵਾਰ ਆਪਣੇ ਘਰ ਸੁੱਤਾ ਪਿਆ ਸੀ। ਅਚਾਨਕ ਘਰ ਦੇ ਪਿੱਛੇ ਪਹਾੜ ਢਹਿ ਗਿਆ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਮੰਡੀ ਕਟੌਲਾ ਦੇ ਬਾਗੀ ਨਾਲੇ ‘ਚ ਹੜ੍ਹ ‘ਚ ਇਕ ਕਾਰ ਅਤੇ ਉਸ ‘ਚ ਸਵਾਰ 6 ਲੋਕ ਵਹਿ ਗਏ।