
ਕਥਿਤ ਦੋਸ਼ੀ ਦੀ ਪਤਨੀ ਤੇ ਭੈਣ ਨੇ ਜਲੰਧਰ ਪੁਲਿਸ ਤੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ, ਕੈਮਰੇ ਸਾਹਮਣੇ ਲਾਏ ਦੋਸ਼ !!
ਜਲੰਧਰ ਸ਼ਹਿਰ ਦੇ ਇਕ ਵੱਡੇ ਉਦਯੋਗਪਤੀ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਮਾਮਲੇ ‘ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸ ਮਾਮਲੇ ‘ਚ ਕਥਿਤ ਦੋਸ਼ੀ ਨੌਜਵਾਨ ਦੀਪਕ ਸ਼ਰਮਾ ਦੀ ਪਤਨੀ ਅਤੇ ਭੈਣ ਨੇ ਇਸ ਦੀ ਨਿਰਪੱਖ ਜਾਂਚ ਕਰਕੇ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਕਥਿਤ ਦੋਸ਼ੀ ਦੀਪਕ ਸ਼ਰਮਾ ਨੂੰ ਜਲੰਧਰ ਪੁਲਸ ਨੇ ਉਦਯੋਗਪਤੀ ਅਤੇ ਉਸ ਦੇ ਬੇਟੇ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ ਕਥਿਤ ਦੋਸ਼ੀ ਦੀਪਕ ਸ਼ਰਮਾ ਦੀ ਪਤਨੀ ਅਨੀਤਾ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਤੀ ‘ਤੇ ਜਬਰੀ ਵਸੂਲੀ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੇ ਇਸ ਸਬੰਧੀ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ ਪਤੀ ਦੀਪਕ ਸ਼ਰਮਾ ‘ਤੇ ਨਿੱਜੀ ਰੰਜਿਸ਼ ਅਤੇ ਸਿਆਸੀ ਦਬਾਅ ਕਾਰਨ ਉਦਯੋਗਪਤੀ ਨੇ ਝੂਠਾ ਕੇਸ ਦਰਜ ਕਰਵਾਇਆ ਹੈ। ਪੂਰੀ ਵੀਡੀਓ ਦੇਖੋ ਤੇ ਸੁਣੋ
ਇਸ ਮੌਕੇ ਸ਼ਿਕਾਇਤਕਰਤਾ ਦੇ ਨਾਲ-ਨਾਲ ਦੀਪਕ ਸ਼ਰਮਾ ਦੀ ਭੈਣ ਪੂਨਮ ਆਨੰਦ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੀਪਕ ਸ਼ਰਮਾ ਖ਼ਿਲਾਫ਼ ਦਰਜ ਕੇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਕੇਸ ਨੂੰ ਰੱਦ ਕੀਤਾ ਜਾਵੇ।
ਇਸ ਮੌਕੇ ਦੀਪਕ ਸ਼ਰਮਾ ਦੀ ਭੈਣ ਪੂਨਮ ਆਨੰਦ ਨੇ ਵੀ ਵਿਦੇਸ਼ ‘ਚ ਰਹਿੰਦੀ ਆਪਣੀ ਭੈਣ ਸੋਨੀਆ ਸ਼ਰਮਾ ਦੀ ਵੀਡੀਓ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਹੈ, ਜਿਸ ‘ਚ ਸੋਨੀਆ ਸ਼ਰਮਾ ਨੇ ਉਕਤ ਉਦਯੋਗਪਤੀ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਕਿਹਾ ਕਿ ਉਹ ਕੁਝ ਹੀ ਦਿਨਾਂ ‘ਚ ਵਿਦੇਸ਼ ਤੋਂ ਆ ਸਾਰਾ ਮਾਮਲਾ ਮੀਡੀਆ ਸਾਹਮਣੇ ਰੱਖਣਗੇ। ਜਦ ਇਸ ਸੰਬੰਧ ਚ ਉਕਤ ਉਦਯੋਗਪਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ਦਾ ਫੋਨ ਆਉਟ ਆਫ ਰੇਂਜ ਆ ਰਿਹਾ ਸੀ ਪਰ ਜਦ ਵੀ ਉਨ੍ਹਾਂ ਨਾਲ ਸੰਪਰਕ ਹੋਇਆ ਤਾਂ ਓਨਾ ਦਾ ਪੂਰਾ ਪੱਖ ਵੀ ਛਾਪਿਆ ਜਾਵੇਗਾ।