
ਸ਼੍ਰੋਮਣੀ ਆਕਾਲੀ ਦਲ ਦੀ ਨਵੀਂ ਇਸਤਰੀ ਵਿੰਗ ਦੀ ਪ੍ਰਧਾਨ ਲਗਾਏ ਜਾਣ ਤੋਂ ਬਾਅਦ ਹੁਣ ਟਕਸਾਲੀ ਇਸਤਰੀ ਆਗੂਆਂ ਵਿਚ ਬਗਾਵਤ ਉਠਣੀ ਸ਼ੁਰੂ ਹੋ ਗਈ ਹੈ। ਹਰਗੋਬਿੰਦ ਕੌਰ ਨੂੰ ਪ੍ਰਧਾਨ ਲਗਾਏ ਜਾਣ ਤੋਂ ਬਾਅਦ ਟਕਸਾਲੀ ਇਸਤਰੀ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖਿਆ ਹੈ।
ਆਗੂਆਂ ਨੇ ਪੱਤਰ ਵਿੱਚ ਕਿਹਾ ਹੈ : ‘ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਦੀ ਸਥਾਪਨਾ ਸਾਡੇ ਪੁਰਖਿਆਂ ਨੇ ਕਰੜੇ ਸੰਘਰਸ਼ ਤੇ ਸ਼ਹਾਦਤਾਂ ਦੇ ਕੇ ਕੀਤੀ ਸੀ। ਇਹ ਮਰਜੀਵੜਿਆਂ ਦੀ ਪਾਰਟੀ ਹੈ, ਇੱਕ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਪਾਰਟੀ ਹੈ। ਇਤਿਹਾਸ ਗਵਾਹ ਹੈ ਕਿ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਰੀਆਂ ਵਿਛਾਉਣ ਤੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਕਰਦੇ, ਪਾਰਟੀ ਹਾਈਕਮਾਂਡ ਦੀਆਂ ਨਜ਼ਰਾਂ ਵਿੱਚ ਚੜ੍ਹ ਕੇ ਅਹੁਦੇਦਾਰੀਆਂ ਦੇ ਹੱਕਦਾਰ ਬਣਦੇ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਵਿੱਚ ਲੰਮਾ ਸਮਾਂ ਵਿਚਰਨ ਤੋਂ ਬਾਅਦ ਕੋਈ ਵਿਅਕਤੀ ਟਕਸਾਲੀ ਅਕਾਲੀ ਅਖਵਾਉਣ ਦਾ ਮਾਣ ਪ੍ਰਾਪਤ ਕਰਦਾ ਸੀ। ਸ਼੍ਰੋਮਣੀ ਅਕਾਲੀ ਦਲ ਇੱਕ ਘੱਟ ਗਿਣਤੀ ਭਾਇਚਾਰੇ ਦੀ ਨੁਮਾਇੰਦਗੀ ਕਰਦੇ ਹੋਣ ਕਰਕੇ, ਚਾਰ ਚੁਫੇਰੇ ਤੋਂ ਵਿਰੋਧੀ ਤਾਕਤਾਂ ਦੇ ਨਿਸ਼ਾਨੇ ਤੇ ਰਹਿੰਦਾ ਹੈ, ਇਸ ਕਾਰਨ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦਾ ਪਾਰਟੀ ਦੇ ਇਤਿਹਾਸ, ਨੀਤੀਆਂ ਤੇ ਵਿਚਾਰਧਾਰਾ ਦਾ ਪ੍ਰਪੱਕ ਜਾਣ ਹੋਣਾ ਅਤਿ ਜਰੂਰੀ ਹੈ ਤਾਂ ਜੋ ਉਹ ਚੁਫ਼ੇਰਿਓ ਹੁੰਦੇ ਸ਼ਾਜਿਸ਼ੀ ਹਮਲਿਆਂ ਦਾ ਅਕਾਲੀ ਦਲ ਦੀ ਮਰਿਆਦਾ ਵਿੱਚ ਰਹਿ ਕੇ ਦ੍ਰਿੜਤਾ ਨਾਲ ਦਲੀਲ ਸਹਿਤ ਜਵਾਬ ਦੇ ਸਕੇ।
ਪਾਰਟੀ ਵਿੱਚ ਨਵੇਂ ਬੰਦੇ ਸ਼ਾਮਲ ਹੋਣ, ਸਵਾਗਤ ਯੋਗ ਹੈ, ਪਰ ਉਹ ਕਤਾਰ ਵਿੱਚ ਪਿੱਛੇ ਲੱਗਣ, ਆਪਣੀ ਯੋਗਤਾ ਸਾਬਤ ਕਰਨ ਤੇ ਅੱਗੇ ਆਉਣ। ਪਰ ਹੁਣ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਸ ਤੋਂ ਉਲਟ ਹੋ ਰਿਹਾ। ਮੌਕਾਪ੍ਰਸਤ ਲੋਕ, ਕੁਝ ਲੋਕਾਂ ਦੀ ਚਾਪਲੂਸੀ ਕਰਕੇ ਵਰਕਰਾਂ ਨੂੰ ਪਿੱਛੇ ਧੱਕ ਕੇ ਮੂਹਰਲੀ ਕਤਾਰ ਵਿੱਚ ਆ ਲੱਗਦੇ ਹਨ ਤੇ ਟਕਸਾਲੀ ਵਰਕਰਾਂ ਦੀ ਸਾਲਾਂ ਤੋਂ ਕੀਤੀ ਪਾਰਟੀ ਦੀ ਸੇਵਾ ਨੂੰ ਮਿੱਟੀ ਵਿੱਚ ਰੋਲ ਦਿੰਦੇ ਹਨ। ਅੱਜ ਜਦੋਂ ਪਾਰਟੀ ਸਭ ਤੋਂ ਨਾਜ਼ੁਕ ਹਾਲਾਤ ਵਿੱਚੋਂ ਲੰਘ ਰਹੀ ਹੈ, ਉਸ ਵਕਤ ਟਕਸਾਲੀ ਵਰਕਰਾਂ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਤਸ਼ਾਹਹੀਣ ਕਰ ਰਹੀਆਂ ਹਨ, ਜੇਕਰ ਮਿਹਨਤ ਦਾ ਮੁੱਲ ਇਹ ਪੈਣਾ ਤਾਂ ਕੋਈ ਪਾਰਟੀ ਵਾਸਤੇ ਮਰ ਮਿੱਟਣ ਦਾ ਜ਼ਜਬਾ ਕਿਵੇਂ ਰੱਖ ਸਕਦਾ।
ਪ੍ਰਧਾਨ ਜੀ ਜਿਸ ਢੰਗ ਤਰੀਕੇ ਨਾਲ ਆਪ ਜੀ ਵੱਲੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੂੰ, ਦਾ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਦੂਰ ਨੇੜੇ ਦਾ ਵੀ ਕੋਈ ਸਬੰਧ ਨਹੀਂ, ਇਸਤਰੀ ਅਕਾਲੀ ਦਲ ਤੇ ਥੋਪਿਆ ਗਿਆ ਐ, ਉਹ ਬਹੁਤ ਮੰਦਭਾਗਾ ਐ। ਅਫਸੋਸ ਜਿਹੜੀ ਬੀਬੀ, ਆਪਣੀਆਂ ਸਾਥਣਾਂ ਸਮੇਤ ਸਾਡੇ ਸਤਿਕਾਰ ਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਨਫਰਤ ਭਰੇ ਅੰਦਾਜ਼ ਵਿੱਚ ਬਾਬਰ ਤੇ ਬੇਈਮਾਨ ਕਹਿ ਕੇ ਸੰਬੋਧਨ ਕਰਦੀ ਰਹੀ ਹੋਏ, ਉਹ ਬੀਬੀ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਹਿੱਸਾ, ਇਸਤਰੀ ਅਕਾਲੀ ਦਲ ਦੀ ਅਗਵਾਈ ਇਮਾਨਦਾਰੀ ਨਾਲ ਕਿਵੇਂ ਕਰ ਸਕਦੀ ਹੈ।