Punjab

ਅਖਬਾਰ ਦਾ ਪੱਤਰਕਾਰ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਇੱਕ ਅਖਬਾਰ ਦੇ ਰਿਪੋਰਟਰ ਅਨਿਲ ਵਿੱਜ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਪੱਤਰਕਾਰ ਨੂੰ ਰਿਸ਼ੀ ਬਾਲਮੀਕ ਨਗਰ, ਲੁਧਿਆਣਾ ਦੇ ਰਹਿਣ ਵਾਲੇ ਸੁਰਿੰਦਰ ਅਰੋੜਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਕਤ ਪੱਤਰਕਾਰ ਉਸ ਦੇ ਮਕਾਨ ਨੂੰ ਜਾਣ ਵਾਲੇ ਪੱਕਾ ਰਸਤੇ, ਜੋ ਉਕਤ ਪੱਤਰਕਾਰ ਦੀ ਵਾਹੀਯੋਗ ਜ਼ਮੀਨ ‘ਚੋਂ ਲੰਘਦਾ ਹੈ, ਨੂੰ ਨਾ ਢਾਹੁਣ ਦੇ ਬਦਲੇ ਉਸ ਤੋਂ ਤਿੰਨ ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਮੁਲਜ਼ਮ ਰਿਪੋਰਟਰ ਨੇ ਇੱਕ-ਇੱਕ ਲੱਖ ਰੁਪਏ ਐਸ.ਡੀ.ਓ ਗਲਾਡਾ ਅਤੇ ਜੂਨੀਅਰ ਇੰਜੀਨੀਅਰ ਗਲਾਡਾ ਲਈ ਅਤੇ ਇੱਕ ਲੱਖ ਰੁਪਏ ਆਪਣੇ ਲਈ ਮੰਗੇ ਹਨ ਅਤੇ ਉਸ ਨੂੰ ਇਹ ਕਿਹਾ ਗਿਆ ਹੈ ਕਿ ਜੇ ਉਹ ਪੈਸੇ ਨਹੀਂ ਦਿੰਦਾ ਤਾਂ ਇਹ ਪੱਕਾ ਰਸਤਾ ਢਾਹ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਜਾਲ ਵਿਛਾਇਆ ਅਤੇ ਉਕਤ ਰਿਪੋਰਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ।

Leave a Reply

Your email address will not be published.

Back to top button