
ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਉਸ ਨੇ ਅੱਜ ਅਦਾਲਤ ਵਿੱਚ ਪੇਸ਼ ਹੋਣਾ ਹੈ, ਜੇਕਰ ਉਹ ਅੱਜ ਵੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਅਦਾਲਤ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 1 ਅਗਸਤ 2021 ਨੂੰ ਬਿਆਸ ਦਰਿਆ ਵਿੱਚ ਮਾਈਨਿੰਗ ਕਰ ਰਹੀ ਫਰੈਂਡਜ਼ ਐਂਡ ਕੰਪਨੀ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਬਿਆਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਕੰਪਨੀ ਦੇ ਕਰਮਚਾਰੀਆਂ ਨੂੰ ਡਰਾਉਣ ਧਮਕਾਉਣ ਅਤੇ ਕੋਵਿਡ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ‘ਚ ਉਸ ਦੇ ਖਿਲਾਫ ਬਿਆਸ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਥਾਣਾ ਬਿਆਸ ਨੇ ਸੁਖਬੀਰ ਬਾਦਲ ਅਤੇ ਉਸ ਦੇ ਨਾਲ ਆਏ ਵਿਅਕਤੀਆਂ ਖਿਲਾਫ 269, 270, 188, 341, 506 ਆਈਪੀਸੀ ਤੋਂ ਇਲਾਵਾ 3 ਮਹਾਂਮਾਰੀ ਰੋਗ ਐਕਟ 1897 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਸੁਖਬੀਰ ਬਾਦਲ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਕੰਵਲਜੀਤ ਸਿੰਘ, ਬਲਜੀਤ ਸਿੰਘ, ਚੈਂਚਲ ਸਿੰਘ, ਚਮਕੌਰ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਸੰਤੋਖ ਸਿੰਘ ਆਦਿ ਦੇ ਨਾਂ ਵੀ ਇਸ ਕੇਸ ‘ਚ ਸ਼ਾਮਲ ਹਨ