
ਅੱਜ ਇਨਸਾਫ ਮੋਰਚੇ ਵਿਚ ਪੰਜਾਬੀ ਗਾਇਕ ਬੱਬੂ ਮਾਨ ਤੇ G Khan ਵੀ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਪਰਵਿੰਦਰ ਝੋਟਾ ਜੀਉਂਦਾ ਹੋਣਾ ਸੀ ਜੇ ਆਪਾਂ ਸਾਰੇ ਪਹਿਲਾਂ ਇਕੱਠੇ ਹੋ ਜਾਂਦੇ। ਉਨ੍ਹਾਂ ਕਿਹਾ ਕਿ ਗ਼ਲਤੀ ਉੱਥੇ ਹੁੰਦੀ ਆ ਜਦੋਂ ਆਪਾਂ ਇੱਕ ਦੂਜੇ ਦੇ ਮੋਢੇ ‘ਤੇ ਬੰਦੂਕਾਂ ਰੱਖਕੇ ਚਲਾਉਂਦੇ ਆਂ।
ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਮਾਨਸੇ ਪਹੁੰਚੇ ਬੱਬੂ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇੱਥੇ ਓਹੀ ਲੋਕ ਆਇਆ ਕਰੋ ਜਿਹੜੇ ਦਿਲੋਂ ਨਾਲ ਨੇ। ਜਿਹੜੇ ਸਿਰਫ਼ ਸੈਲਫੀਆਂ ਲੈਣ ਆਉਂਦੇ ਨੇ ਉਨ੍ਹਾਂ ਦਾ ਕੋਈ ਫਾਇਦਾ ਨਹੀਂ। ਪਰਵਿੰਦਰ ਝੋਟਾ ਦਾ ਸੰਦੇਸ਼ ਸੀ ਕਿ ਆਪਣੇ ਪਿੰਡ ਤੋਂ ਆਪਣੇ ਪੱਧਰ ‘ਤੇ ਨਸ਼ਿਆਂ ਖ਼ਿਲਾਫ਼ ਲੜਾਈ ਸ਼ੁਰੂ ਕਰੋ। ਹੁਣ ਇਸ ਸੰਦੇਸ਼ ਨੂੰ ਸਾਰਿਆਂ ਤੱਕ ਪਹੁੰਚਣਾ ਸਾਰਿਆਂ ਦਾ ਫਰਜ਼ ਹੈ।
G Khan ਵੀ ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਮਾਨਸਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਪਰਵਿੰਦਰ ਦੇ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ। ਮੈਨੂੰ ਜਿੱਥੇ ਵੀ ਕਹਿਣਗੇ ਮੈਂ ਹਾਜ਼ਰ ਹੋਵਾਂਗਾ, ਪਰਿਵਾਰ ਦੀਆਂ ਜੋ ਵੀ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ”
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਰਿਪੋਰਟਾਂ ਮੁਤਾਬਕ, ਉਹ ਮਾਨਸਾ ‘ਚ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ, ਹਾਲਾਂਕਿ ਪ੍ਰਸਤਾਵਿਤ ਦੌਰੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਹੈ ਕਿ ਅਮਿਤ ਸ਼ਾਹ ਨੇ ਇਸ ਮਾਮਲੇ ‘ਤੇ ਨੋਟਿਸ ਲੈ ਲਿਆ ਹੈ ਤੇ ਉਹ ਉਨ੍ਹਾਂ ਤੋਂ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ ਤਾਂ ਜੋ ਨਸ਼ਾ ਦੇ ਮੁੱਦੇ ਤੇ ਇਸ ਕਤਲਕਾਂਡ ਪਿੱਛੇ ਸਾਰੇ ਦੋਸ਼ੀਆਂ ਦਾ ਪਰਦਾਫਾਸ਼ ਹੋ ਸਕੇ। ਉੱਥੇ ਹੀ, ਮਾਮਲੇ ‘ਚ ਇਨਸਾਫ਼ ਦੀ ਮੰਗ ਕਰ ਰਹੀ ਇਨਸਾਫ਼ ਕਮੇਟੀ ਨੇ ਇਸ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।
ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕਰੇਗੀ ਇਨਸਾਫ਼ ਕਮੇਟੀ
ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ‘ਚ ਇਨਸਾਫ਼ ਦੀ ਮੰਗ ਕਰ ਰਹੀ ਕਮੇਟੀ ਨੇ 20 ਅਕਤੂਬਰ ਨੂੰ ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਲਈ ਕੇਂਦਰ ਸਰਕਾਰ ਨੂੰ ਵੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਕਮੇਟੀ ਦੇ ਮੈਂਬਰਾਂ ਨੇ ਸਵਾਲ ਚੁੱਕਿਆ ਹੈ ਕਿ ਜੇਕਰ ਪੰਜਾਬ ‘ਚ ਨਸ਼ਿਆਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ ਤਾਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਕੀ ਕਦਮ ਚੁੱਕੇ ਹਨ। ਕਮੇਟੀ ਨੇ ਇਹ ਵੀ ਦਲੀਲ ਦਿੱਤੀ ਕਿ ਗੁਜਰਾਤ ਸਮੇਤ ਭਾਜਪਾ ਸ਼ਾਸਿਤ ਸੂਬਿਆਂ ਰਾਹੀਂ ਨਸ਼ਿਆਂ ਦੀ ਤਸਕਰੀ ਦੇ ਮੁੱਦੇ ‘ਤੇ ਕੇਂਦਰ ਨੂੰ ਜਵਾਬ ਦੇਣਾ ਚਾਹੀਦਾ ਹੈ।
ਇਨਸਾਫ਼ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਉਹ ਅਮਿਤ ਸ਼ਾਹ ਨੂੰ ਪ੍ਰਦਰਸ਼ਨ ਵਾਲੀ ਥਾਂ ‘ਤੇ ਸੰਬੋਧਨ ਨਹੀਂ ਕਰਨ ਦੇਵੇਗੀ। ਹਾਲਾਂਕਿ, ਸਾਹਮਣੇ ਆਈ ਜਾਣਕਾਰੀ ਮੁਤਾਬਕ ਅਮਿਤ ਸ਼ਾਹ ਦੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ










